ਡੈਸਕ- ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਨੂੰ ਅੱਗ ਲਗਾ ਦਿੱਤੀ ਗਈ। ਦੱਸ ਦਈਏ ਕਿ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਦੂਤਾਵਾਸਾਂ ਦਾ ਘਿਰਾਓ ਕੀਤਾ ਜਾਵੇਗਾ। ਇਹ ਘਟਨਾ ਇਸ ਐਲਾਨ ਦੇ ਅਗਲੇ ਹੀ ਦਿਨ ਭਾਵ ਪਹਿਲੀ ਜੁਲਾਈ ਦੀ ਰਾਤ ਨੂੰ ਅੰਜਾਮ ਦਿੱਤੀ ਗਈ। ਸੂਤਰਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ, ਪਰ ਅਮਰੀਕੀ ਸਰਕਾਰ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਫਿਲਹਾਲ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਵਿੱਚ ਦੂਤਾਵਾਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਸਥਾਨਕ ਚੈਨਲ ‘ਦੀਆ ਟੀਵੀ’ ਨੇ ਦੱਸਿਆ ਕਿ ਖਾਲਿਸਤਾਨੀਆਂ ਨੇ 1:30 ਤੋਂ 2:30 ਵਜੇ ਦਰਮਿਆਨ ਭਾਰਤੀ ਕੌਂਸਲੇਟ ਨੂੰ ਅੱਗ ਲਗਾ ਦਿੱਤੀ। ਪਰ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਨੇ ਜਲਦੀ ਹੀ ਇਸ ਨੂੰ ਬੁਝਾ ਦਿੱਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਘਟਨਾ ਵਿਚ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ।
ਕਥਿਤ ਤੌਰ ‘ਤੇ ਖਾਲਿਸਤਾਨ ਸਮਰਥਕਾਂ ਨੇ ਇਸ ਘਟਨਾ ਨੂੰ ਲੈ ਕੇ ਇਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਇਸ ਨੂੰ ਪਿਛਲੇ ਮਹੀਨੇ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਬਦਲਾ ਦੱਸਿਆ ਗਿਆ ਹੈ।