ਡੈਸਕ- ਕੋਟਕਪੂਰਾ ‘ਚ ਮਕਾਨ ਦੀ ਛੱਤ ਡਿੱਗਣ ਕਾਰਨ ਗਰਭਵਤੀ ਔਰਤ ਸਮੇਤ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਗੁਆਂਢੀ ਦੀ 15 ਸਾਲਾ ਲੜਕੀ ਜ਼ਖਮੀ ਹੋ ਗਈ ਹੈ। ਐਸਡੀਐਮ ਵੀਰਪਾਲ ਕੌਰ ਨੇ ਦੱਸਿਆ ਕਿ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਇੱਕ ਲੜਕੀ ਜ਼ਖ਼ਮੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਕੋਟਕਪੂਰਾ ਸ਼ਹਿਰ ਦੇ ਵਾਰਡ ਨੰਬਰ 8, ਦੇਵੀਵਾਲਾ ਰੋਡ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਤੇ ਉਨ੍ਹਾਂ ਦੇ 4 ਸਾਲਾ ਪੁੱਤਰ ਦੀ ਦਰਦਨਾਕ ਮੌਤ ਹੋ ਗਈ, ਜਦੋਂਕਿ ਉਨ੍ਹਾਂ ਦੇ ਘਰ ਵਿੱਚ ਸੌਂ ਰਹੀ ਗੁਆਂਢੀਆਂ ਦੀ 15 ਸਾਲਾ ਲੜਕੀ ਵੀ ਜ਼ਖ਼ਮੀ ਹੋ ਗਈ। ਮ੍ਰਿਤਕਾਂ ਵਿੱਚ ਸ਼ਾਮਲ ਔਰਤ 7 ਮਹੀਨੇ ਦੀ ਗਰਭਵਤੀ ਸੀ।
ਪੁਲਿਸ ਮੁਤਾਬਕ ਕੋਟਕਪੂਰਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ਵਿੱਚ ਕੰਮ ਕਰਨ ਵਾਲਾ ਗੁਰਪ੍ਰੀਤ ਸਿੰਘ ਮੰਗਲਵਾਰ ਰਾਤ ਆਪਣੀ ਪਤਨੀ ਕਰਮਜੀਤ ਕੌਰ ਤੇ 4 ਸਾਲਾ ਪੁੱਤਰ ਗੈਵੀ ਨਾਲ ਘਰ ਦੇ ਕਮਰੇ ਵਿੱਚ ਸੁੱਤਾ ਪਿਆ ਸੀ। ਗੁਆਂਢੀਆਂ ਦੀ 15 ਸਾਲਾ ਲੜਕੀ ਮਨੀਸ਼ਾ ਵੀ ਉਨ੍ਹਾਂ ਦੇ ਘਰ ਸੁੱਤੀ ਹੋਈ ਸੀ। ਬੁੱਧਵਾਰ ਸਵੇਰੇ ਕਰੀਬ 4 ਵਜੇ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਤੇ ਬੜੀ ਮੁਸ਼ਕਲ ਨਾਲ ਸਾਰਿਆਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਕਰਮਜੀਤ ਕੌਰ ਤੇ ਪੁੱਤਰ ਗੈਵੀ ਦੀ ਮੌਤ ਹੋ ਗਈ ਜਦਕਿ ਮਨੀਸ਼ਾ ਗੰਭੀਰ ਹੈ।
ਇਸ ਮੌਕੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਰਾਮ ਰਾਖਾ ਨੇ ਦੱਸਿਆ ਕਿ ਘਟਨਾ ਸਮੇਂ ਉਹ ਕਮਰੇ ਦੇ ਬਾਹਰ ਸੌਂ ਰਿਹਾ ਸੀ। ਛੱਤ ਡਿੱਗਣ ਤੋਂ ਬਾਅਦ ਧਮਾਕੇ ਦੀ ਆਵਾਜ਼ ਸੁਣ ਕੇ ਉਹ ਜਾਗ ਗਿਆ। ਫਿਰ ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਚੁੱਕ ਕੇ ਮਲਬੇ ਹੇਠੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਛੱਤ ਕਮਜ਼ੋਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਗੁਆਂਢੀਆਂ ਨਛੱਤਰ ਸਿੰਘ ਤੇ ਨਿੱਕਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ ਤੇ ਪਰਿਵਾਰ ਨੂੰ ਬੜੀ ਮੁਸ਼ਕਲ ਨਾਲ ਮਲਬੇ ਹੇਠੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਏ ਮੀਂਹ ਕਾਰਨ ਮਕਾਨ ਦੀ ਛੱਤ ਕਮਜ਼ੋਰ ਹੋ ਗਈ ਸੀ। ਇਸ ਕਾਰਨ ਇਹ ਘਟਨਾ ਵਾਪਰੀ। ਮ੍ਰਿਤਕ ਗੁਰਪ੍ਰੀਤ ਸਿੰਘ ਸ਼ਹਿਰ ਦੇ ਮੈਡੀਕਲ ਸਟੋਰ ‘ਤੇ ਕੰਮ ਕਰਦਾ ਸੀ ਤੇ ਉਸ ਦੇ ਪੂਰੇ ਪਰਿਵਾਰ ਦੀ ਇਸ ਹਾਦਸੇ ‘ਚ ਮੌਤ ਹੋ ਗਈ।