Vancouver- ਬੀਤੀ ਸ਼ਾਮ ਚਿਲੀਵੈਕ ਦੇ ਜੰਗਲ ’ਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ ਦਰਜਨਾਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਚਿਲੀਵੈਕ ਫਾਇਰ ਵਿਭਾਗ ਮੁਤਾਬਕ ਅਧਿਕਾਰੀਆਂ ਨੂੰ ਸ਼ਾਮੀਂ ਕਰੀਬ 5.15 ਵਜੇ ਬਿ੍ਰਡਲਵੁੱਡ ਪਾਰਕ ਦੇ ਕੋਲ ਚਿਲੀਵੈਕ ਲੇਕ ਰੋਡ ਇਲਾਕੇ ਦੀ ਇੱਕ ਬਾਹਰੀ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ । ਇਸ ਤੋਂ ਬਾਅਦ ਜਦੋਂ ਉਹ ਮੌਕੇ ’ਤੇ ਪਹੁੰਚੇ ਇਮਾਰਤ ’ਚੋਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਕਿਹਾ ਕਿ ਫਾਇਰ ਬਿ੍ਰਗੇਡ ਵਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਤੁਰੰਤ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਅੱਗ ਹੋਰ ਫੈਲ ਗਈ ਅਤੇ ਜੰਗਲ ਤੱਕ ਪਹੁੰਚ ਗਈ। ਚਿਲੀਵੈਕ ਸ਼ਹਿਰ ਦੇ ਸਹਾਇਕ ਫਾਇਰ ਮੁਖੀ ਅਤੇ ਐਮਰਜੈਂਸੀ ਪ੍ਰੋਗਰਾਮ ਦੇ ਕੋਆਰਡੀਨੇਟਰ ਕ੍ਰਿਸ ਵਿਲਸਨ ਨੇ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਮਰਾਤ ’ਚ ਲੱਗੀ ਅੱਗ ਦੀਆਂ ਕੁਝ ਚੰਗਿਆੜੀਆਂ ਜੰਗਲੀ ਇਲਾਕੇ ਵੱਲ ਡਿੱਗ ਪਈਆਂ, ਜਿਸ ਮਗਰੋਂ ਜੰਗਲ ’ਚ ਅੱਗ ਲੱਗ ਗਈ। ਇਸ ਮਗਰੋਂ ਇਸ ਦਾ ਆਕਾਰ ਲਗਭਗ 0.2 ਹੈਕਟੇਅਰ ਤੱਕ ਵੱਧ ਗਿਆ। ਅੱਗ ਦੇ ਭਿਆਨਕ ਰੂਪ ਨੂੰ ਦੇਖਦਿਆਂ ਬੀ. ਸੀ. ਫਾਇਰ ਸਰਵਿਸ ਨੂੰ ਸੱਦਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ’ਤੇ ਹੁਣ ਕਾਬੂ ਪਾ ਲਿਆ ਗਿਆ ਹੈ।