Canada TOP NEWS

ਪਿਕਲਬਾਲ ਦੇ ਰੌਲ਼ੇ-ਰੱਪੇ ਤੋਂ ਦੁਖੀ ਹੋਏ ਪਤੀ-ਪਤਨੀ, ਭੁੱਖ ਹੜਤਾਲ ਦੇ ਬੈਠਣ ਦਾ ਕੀਤਾ ਫ਼ੈਸਲਾ

Victoria- ਪ੍ਰਸਿੱਧ ਖੇਡ ਪਿਕਲਬਾਲ ਦੀ ਆਵਾਜ਼ ਅਤੇ ਖਿਡਾਰੀਆਂ ਦੇ ਰੌਲ਼ੇ-ਰੱਪੇ ਤੋਂ ਦੁਖੀ ਬਿ੍ਰਟਿਸ਼ ਕੋਲੰਬੀਆ ’ਚ ਇੱਕ ਪਤੀ-ਪਤਨੀ ਨੇ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਇਸ ਬਾਰੇ ’ਚ ਚਿਲੀਵੈਕ ਦੇ ਰਹਿਣ ਵਾਲੇ 52 ਸਾਲਾ ਰਜਨੀਸ਼ ਧਵਨ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਤੋਂ ਕਰੀਬ 6 ਕਿਲੋਮੀਟਰ ਦੂਰ ਪਿਕਲਬਾਲ ਦੇ ਤਿੰਨ ਕੋਰਟ ਹਨ ਅਤੇ ਇਨ੍ਹਾਂ ਤੋਂ ਆਉਂਦੇ ਸ਼ੋਰ ਬਾਰੇ ਉਹ ਪਿਛਲੇ ਇੱਕ ਸਾਲ ਤੋਂ ਚਿਲੀਵੈਕ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਰਹੇ ਹਨ ਪਰ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਾਲ 2021 ਜਦੋਂ ਤੋਂ ਖਿਡਾਰੀਆਂ ਨੇ ਇਨ੍ਹਾਂ ਕੋਰਟਾਂ ’ਤੇ ਖੇਡਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਹ ਅਤੇ ਉਸ ਦੀ ਪਤਨੀ ਸੁਣਨ ਸਬੰਧੀ, ਦਿਲ ਦੀ ਧੜਕਣ ਅਤੇ ਉਨੀਂਦਰੇ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਸਾਲ 2019 ਤੋਂ ਪਿਕਲਬਾਲ ਦੀ ਪ੍ਰਸਿੱਧੀ ’ਚ ਵਾਧਾ ਹੋਣਾ ਸ਼ੁਰੂ ਹੋਇਆ ਹੈ, ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ਦੇ ਕੋਲ ਸ਼ੋਰ ਦੀਆਂ ਸ਼ਿਕਾਇਤਾਂ ਨੂੰ ਪੁਲਿਸ ਨੂੰ ਕੀਤੀਆਂ ਅਤੇ ਕਈਆਂ ਨੇ ਮੁਕੱਦਮੇ ਵੀ ਕਰਾਏ ਪਰ ਧਵਨ ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਨੇ ਇਸ ਤੋਂ ਇੱਕ ਕਦਮ ਅੱਗੇ ਚੱਲਦਿਆਂ ਭੁੱਖ ਹੜਤਾਲ ’ਤੇ ਬੈਠਣ ਦਾ ਫ਼ੈਸਲਾ ਕਰ ਲਿਆ। ਮਹਾਤਮਾ ਗਾਂਧੀ ਤੋਂ ਪ੍ਰੇਰਿਤ ਰਜਨੀਸ਼ ਧਵਨ ਐਤਵਾਰ ਸਵੇਰ 9 ਵਜੇ ਤੋਂ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਹ ਕੁਝ ਨਹੀਂ ਖਾਣਗੇ।