Victoria- ਸੰਘੀ ਤੇ ਬਿ੍ਰਟਿਸ਼ ਕੋਲੰਬੀਆ ਸਰਕਾਰ ਅਤੇ ਬੀ. ਸੀ. ਟਰਾਂਜ਼ਿਟ ਨੇ ਅੱਜ ਇੱਕ ਅਹਿਮ ਫ਼ੈਸਲਾ ਲੈਂਦਿਆਂ ਸੂਬੇ ’ਚ ਬਿਜਲੀ ਵਾਲੀਆਂ ਬੱਸਾਂ ਚਲਾਉਣ ਲਈ ਮਿਲ ਕੇ 395. 5 ਮਿਲੀਅਨ ਡਾਲਰ ਖ਼ਰਚਣ ਦਾ ਐਲਾਨ ਕੀਤਾ ਹੈ। ਇਸ ’ਚ ਬੈਟਰੀ ਵਾਲੀਆਂ 115 ਨਵੀਆਂ ਬੱਸਾਂ ਖ਼ਰੀਦਣ ਅਤੇ ਪੂਰੇ ਬੀ. ਸੀ. 134 ਚਾਲਚਿੰਗ ਯੂਨਿਟਾਂ ਦੀ ਸਥਾਪਤੀ ’ਤੇ ਆਉਣ ਵਾਲਾ ਖ਼ਰਚਾ ਸ਼ਾਮਿਲ ਹੈ। ਇਹ ਫ਼ੈਸਲਾ ਕੇਂਦਰ ਸਰਕਾਰ ਦੇ ਜ਼ੀਰੋ-ਐਮੀਸ਼ਨ ਪਬਲਕਿ ਟਰਾਂਜ਼ਿਟ ਅਤੇ ਸਕੂਲ ਬੱਸ ਯੋਜਨਾ ਦਾ ਹਿੱਸਾ ਹੈ, ਜਿਸਨੇ ਕਿ ਸਾਲ 2026 ਤੱਕ ਪੂਰੇ ਕੈਨੇਡਾ ਦੀਆਂ ਸੜਕਾਂ ’ਤੇ 5,000 ਇਲੈਕ੍ਰਟਿਕ ਬੱਸਾਂ ਚਲਾਉਣ ਦਾ ਟੀਚਾ ਮਿੱਥਿਆ ਹੈ। ਇਸ ਦੇ ਨਾਲ ਹੀ ਇਹ ਕਦਮ ਸੂਬਾ ਸਰਕਾਰ ਦੇ ‘ਕਲੀਨ ਬੀ. ਸੀ.’ ਪ੍ਰੋਗਰਾਮ ਨਾਲ ਵੀ ਮੇਲ ਖਾਂਦਾ ਹੈ, ਜਿਸ ਨੇ ਕਿ ਸਾਲ 2040 ਤੱਕ ਪੂਰੀ ਬੀ. ਸੀ. ਟਰਾਂਜ਼ਿਟ ਸਰਵਿਸ ਦੇ ਬਿਜਲੀਕਰਨ ਟੀਚਾ ਮਿੱਥਿਆ ਹੈ। ਦੱਸ ਦਈਏ ਕਿ ਇਸ ਪੂਰੇ ਪ੍ਰਾਜੈਕਟ ’ਚ ਕੇਂਦਰ ਸਰਕਾਰ ਵਲੋਂ 170 ਮਿਲੀਅਨ ਡਾਲਰ, ਸੂਬਾ ਸਰਕਾਰ ਵਲੋਂ 160 ਮਿਲੀਅਨ ਡਾਲਰ ਅਤੇ ਟਰਾਂਜ਼ਿਟ ਏਜੰਸੀ ਵਲੋਂ 67 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਵੇਗਾ।