ਅਮਰੀਕੀ ਗਸ਼ਤੀ ਦਲ ਦੀ ਵੱਡੀ ਕਾਰਵਾਈ, ਕੈਨੇਡਾ-ਅਮਰੀਕਾ ਸਰਹੱਦ ’ਤੇ ਰੋਕੀ ਭਾਰਤੀ ਨਾਗਰਿਕਾਂ ਦੀ ਤਸਕਰੀ

New York- ਅਮਰੀਕਾ ਦੇ ਸਰਹੱਦੀ ਗਸ਼ਤੀ ਦਲ ਨੇ ਹਾਲ ਹੀ ’ਚ ਕਿਊਬਕ-ਨਿਊਯਾਰਕ ਸਟੇਟ ਬਾਰਡਰ ’ਤੇ ਕੈਨੇਡਾ ਰਾਹੀਂਂ ਅਮਰੀਕਾ ’ਚ ਕੀਤੀ ਜਾ ਰਹੀ 14 ਭਾਰਤੀ ਨਾਗਰਿਕਾਂ ਦੀ ਤਸਕਰੀ ਨੂੰ ਰੋਕਿਆ ਹੈ। ਅਮਰੀਕਾ ਦੀ ਸੰਘੀ ਅਦਾਲਤ ਦੇ ਰਿਕਾਰਡਾਂ ਤੋਂ ਇਹ ਜਾਣਕਾਰੀ ਮਿਲੀ ਹੈ। ਅਦਾਲਤ ਦੇ ਰਿਕਾਰਡ ਮੁਤਾਬਕ ਇਹ ਪਿਛਲੇ ਤਿੰਨ ਸਾਲਾਂ ਤੋਂ ਇਸ ਇਲਾਕੇ ’ਚ ਕੀਤੀ ਜਾ ਰਹੀ ਭਾਰਤੀ ਨਾਗਰਿਕਾਂ ਦੀ ਤਸਕਰੀ ਦੇ ਸਭ ਤੋਂ ਵੱਡੇ ਰਿਕਾਡਰਾਂ ’ਚੋਂ ਇੱਕ ਹੈ। ਬਾਰਡਰ ਏਜੰਡਾਂ ਵਲੋਂ ਰੋਕੀ ਗਈ ਗੱਡੀ ਦੇ ਚਾਲਕ ਨੇ ਦੱਸਿਆ ਉਸ ਨੂੰ ਜਾਸੂਸੀ ਨਾਵਲਾਂ ਵਾਂਗ ਤਸਕਰੀ ਦੇ ਕੰਮ ਲਈ ਭਰਤੀ ਕੀਤਾ ਗਿਆ ਸੀ ਅਤੇ ਇਸ ਦੇ ਬਦਲੇ ਉਸ ਨੂੰ ਫੋਨ ਅਤੇ ਪੈਸੇ ਮਿਲੇ ਸਨ। ਯੂ. ਐਸ. ਫੈਡਰਲ ਕੋਰਟ, ਨਿਊਯਾਰਕ ਨਾਦਰਦਨ ਡਿਸਟ੍ਰਿਕਟ ’ਚ ਦਾਇਰ ਇੱਕ ਅਪਰਾਧਿਕ ਸ਼ਿਕਾਇਤ ’ਚ ਇਹ ਦੱਸਿਆ ਗਿਆ ਹੈ ਕਿ ਬਾਰਡਰ ਏਜੰਟਾਂ ਨੇ ਬੀਤੀ 20 ਜੁਲਾਈ ਨੂੰ ਤੜਕਸਾਰ ਕੈਨੇਡਾ-ਅਮਰੀਕਾ ਸਰਹੱਦ ’ਤੇ ਅਨਿਯਮਿਤ ਢੰਗ ਨਾਲ ਜਾ ਰਹੀ ਇਕ ਜੀਪ ਨੂੰ ਜਦੋਂ ਰੋਕਿਆ ਤਾਂ ਉਸ ’ਚ ਉਨ੍ਹਾਂ ਨੂੰ ਇਹ ਭਾਰਤੀ ਨਾਗਰਿਕ ਮਿਲੇ। ਇਨ੍ਹਾਂ ’ਚ ਕੁਝ ਦੇ ਕੱਪੜੇ ਗਿੱਲੇ ਸਨ ਅਤੇ ਕਈ ਜੀਪ ’ਚ ਫਸੇ ਹੋਏ ਸਨ ਪਰ ਸਾਰਿਆਂ ’ਚੋਂ ਕੋਈ ਵੀ ਅੰਗਰੇਜ਼ੀ ਬੋਲਣੀ ਨਹੀਂ ਜਾਣਦਾ ਸੀ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਮੁਤਾਬਕ ਸਵਾਂਟਨ ਸੈਕਟਰ ਦੇ ਰੂਪ ’ਚ ਜਾਣਿਆ ਜਾਣ ਵਾਲਾ ਇਹ ਸਰਹੱਦੀ ਇਲਾਕਾ ਨਿਊ ਹੈਂਪਸ਼ਾਇਰ-ਮੇਨ ਸਟੇਟ ਲਾਈਨ ਤੋਂ ਓਵਾਟਾ ਦੇ ਦੱਖਣ ’ਚ ਨਿਊਯਾਰਕ ਸਟੇਟ ਦੇ ਪੱਛਮੀ ਅੱਧ ਤੱਕ ਚੱਲਦਾ ਹੈ। ਇਸ ਇਲਾਕੇ ’ਚ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਅਮਰੀਕਾ ’ਚ ਹੋਣ ਸਭ ਤੋਂ ਵੱਧ ਅਨਿਯਮਿਤ ਆਵਾਜਾਈ ਰਿਕਾਰਡ ਕੀਤੀ ਜਾਂਦੀ ਸੀ। ਇਸ ਸੈਕਟਰ ਦੇ ਚੀਫ਼ ਪੈਟਰੋਲਿੰਗ ਏਜੰਟ ਵਲੋਂ ਸੋਸ਼ਲ ਮੀਡੀਆ ’ਤੇ ਪਾਏ ਗਏ ਰਿਕਾਰਡ ਮੁਤਾਬਕ ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਵਲੋਂ ਪਿਛਲੇ 10 ਮਹੀਨਿਆਂ ਦੌਰਾਨ 68 ਦੇਸ਼ਾਂ ਦੇ 4900 ਤੋਂ ਵੱਧ ਨਾਗਰਿਕਾਂ ਨੂੰ ਸਵਾਂਟਨ ਸੈਕਟਰ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦਿਆਂ ਫੜਿਆ ਹੈ। ਉਨ੍ਹਾਂ ਦੀ ਪੋਸਟ ਮੁਤਾਬਕ ਇਹ ਰਿਕਾਰਡ ਪਿਛਲੇ 8 ਸਾਲਾਂ ’ਚ ਹੋਈਆਂ ਗਿ੍ਰਫ਼ਤਾਰੀਆਂ ਨਾਲੋਂ ਕਿਤੇ ਵੱਧ ਹੈ।