ਪਾਕਿਸਤਾਨ ਦੇ ਕੇਬਲ ਆਪਰੇਟਰ ਭਾਰਤੀ ਚੈਨਲਾਂ ਦਾ ਪ੍ਰਸਾਰਣ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ

ਮੀਡੀਆ ਰਿਪੋਰਟ- ਪਾਕਿਸਤਾਨ ਪੁਲਿਸ ਨੇ ਇੱਕ ਕੇਬਲ ਅਪਰੇਟਰ ਨੂੰ ਭਾਰਤੀ ਚੈਨਲਾਂ ਨੂੰ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪਾਕਿਸਤਾਨ ਵਿਚ ਭਾਰਤ ਦੇ ਚੈਨਲ ਦਿਖਾਉਣ ਉੱਤੇ ਪਾਬੰਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਇੱਕ ਨਾਗਰਿਕ ਨੇ ਪਾਕਿ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਦੇ ਇੰਸਪੈਕਟਰ ਸੋਹੇਲ ਅਨਵਰ ਨੂੰ ਸ਼ਿਕਾਇਤ ਕੀਤੀ ਕਿ ਸ਼ਫੀਕ ਸਾਜਿਦ ਨਾਂ ਦਾ ਬਸ਼ਿੰਦਾ ਭਾਰਤੀ ਸੰਗੀਤ ਅਤੇ ਡਰਾਮਾ ਚੈਨਲ ਦਿਖਾ ਰਿਹਾ ਹੈ। ਇਸ ਤੋਂ ਬਾਅਦ ਇੰਸਪੈਕਟਰ ਨੇ ਸਥਾਨਕ ਪੁਲਿਸ ਦੀ ਮਦਦ ਨਾਲ, ਕਮੀਰ ਕਸਬੇ ਵਿਚ ਸਾਜਿਦ ਦੇ ਸੈਟਅਪ ‘ਤੇ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸਦੇ ਉਪਕਰਨਾਂ ਨੂੰ ਜ਼ਬਤ ਕਰ ਲਿਆ।

ਭਾਰਤੀ ਟੀਵੀ ਸ਼ੋਅ ਅਤੇ ਫਿਲਮਾਂ ਪਾਕਿਸਤਾਨ ਵਿਚ ਬੜੀ ਉਤਸੁਕਤਾ ਨਾਲ ਦੇਖੀਆਂ ਜਾਂਦੀਆਂ ਹਨ, ਪਰ ਪਾਕਿਸਤਾਨ ਸਰਕਾਰ ਨੇ ਉਨ੍ਹਾਂ ‘ਤੇ 2016 ਵਿਚ ਪਾਬੰਦੀ ਲਗਾ ਦਿੱਤੀ ਸੀ।