ਬਰਸਾਤ ਕਾਰਣ ਬੱਚਿਆਂ ‘ਚ ਫੈਲਿਆ Eye Flu, 2 ਅਗਸਤ ਤੱਕ ਸਕੂਲ ਬੰਦ

ਡੈਸਕ- ਸਕੂਲੀ ਬੱਚਿਆਂ ਨੂੰ ਜਿੱਥੇ ਹੜ੍ਹ ਅਤੇ ਮੀਂਹ ਤੋਂ ਕੁਝ ਰਾਹਤ ਮਿਲੀ ਹੈ, ਉਥੇ ਹੀ ਅੱਖਾਂ ਦੀ ਲਾਗ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਅਜਿਹੇ ‘ਚ ਕਈ ਜ਼ਿਲਿਆਂ ‘ਚ ਪ੍ਰਸ਼ਾਸਨ ਨੇ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਕੂਲ ਅਸਥਾਈ ਤੌਰ ‘ਤੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਤਿੰਨ ਚਾਰ ਦਿਨਾਂ ਵਿੱਚ ਦਿੱਲੀ ਦੇ ਸਕੂਲਾਂ ਵਿੱਚ ਅੱਖਾਂ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਹਾਲਾਤ ਇਹ ਹਨ ਕਿ ਕੁਝ ਸਕੂਲਾਂ ਵਿੱਚ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਹਰ ਰੋਜ਼ ਲਾਗ ਵਾਲੇ ਘੱਟੋ-ਘੱਟ 10 ਤੋਂ 12 ਬੱਚੇ ਘਰ ਵਾਪਸ ਭੇਜੇ ਜਾ ਰਹੇ ਹਨ।

ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਇਟਾਨਗਰ ਅਤੇ ਲੋਂਗਡਿੰਗ ਜ਼ਿਲੇ ਦੀ ਕਨੂਬਾਰੀ ਸਬ-ਡਿਵੀਜ਼ਨ ਤੋਂ ਬਾਅਦ ਨਾਮਸਾਈ ਅਤੇ ਪੂਰਬੀ ਸਿਆਂਗ ਪ੍ਰਸ਼ਾਸਨ ਨੇ ਲਾਗ ਨੂੰ ਕੰਟਰੋਲ ਕਰਨ ਲਈ ਕੁਝ ਦਿਨਾਂ ਲਈ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੂਰਬੀ ਸਿਆਂਗ ਵਿੱਚ ਸਾਰੇ ਨਿੱਜੀ ਅਤੇ ਸਰਕਾਰੀ ਸਕੂਲ 2 ਅਗਸਤ ਤੱਕ ਬੰਦ ਰਹਿਣਗੇ, ਜਦੋਂ ਕਿ ਨਾਮਸਾਈ ਵਿੱਚ ਵਿਦਿਅਕ ਅਦਾਰੇ 31 ਜੁਲਾਈ ਤੱਕ ਬੰਦ ਕਰ ਦਿੱਤੇ ਗਏ ਹਨ। ਇਹ ਫੈਸਲਾ ਜ਼ਿਲ੍ਹਾ ਨਿਗਰਾਨੀ ਯੂਨਿਟਾਂ ਦੁਆਰਾ ਕਰਵਾਏ ਗਏ ਇੱਕ ਵਿਆਪਕ ਸਰਵੇਖਣ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਲਾਗ ਦੇ ਮਾਮਲੇ ਵੱਧ ਰਹੇ ਹਨ।