Washington- ਅਮਰੀਕਾ ’ਚ ਇੱਕ ਸਾਈਬਰ ਹਮਲੇ ਨੇ ਪੈਨਸਿਲਵੇਨੀਆ ਸਣੇ ਕਈ ਸੂਬਿਆਂ ’ਚ ਹਸਪਤਾਲ ਅਤੇ ਕਲੀਨਿਕਾਂ ਦੇ ਕੰਪਿਊਟਰ ਸਿਸਟਮ ’ਚ ਵਿਘਨ ਪਾ ਦਿੱਤਾ, ਜਿਸ ਕਾਰਨ ਕੁਝ ਐਮਰਜੈਂਸੀ ਕਮਰਿਆਂ ਨੂੰ ਬੰਦ ਕਰਨਾ ਪਿਆ ਅਤੇ ਐਂਬੂਲੈਂਸਾਂ ਦੇ ਰਸਤੇ ਬਦਲਣੇ ਪਏ। ਪ੍ਰਭਾਵਿਤ ਇਲਾਕਿਆਂ ’ਚ ਬਹੁਤ ਸਾਰੀਆਂ ਪ੍ਰਾਇਮਰੀ ਕੇਅਰ ਸੇਵਾਵਾਂ ਵੀ ਬੰਦ ਰਹੀਆਂ, ਕਿਉਂਕਿ ਸੁਰੱਖਿਆ ਮਾਹਰ ਸਮੱਸਿਆ ਦਾ ਪਤਾ ਲਗਾਉਣ ਅਤੇ ਇਸ ਦਾ ਹੱਲ ਕੱਢਣ ਦਾ ਕੰਮ ਕਰ ਰਹੇ ਹਨ। ‘ਡਾਟਾ ਸੁਰੱਖਿਆ ਘਟਨਾ’ ਬੀਤੇ ਕੱਲ੍ਹ ਪ੍ਰਾਸਪੈਕਟ ਮੈਡੀਕਲ ਹੋਲਡਿੰਗਜ਼ ਵਲੋਂ ਸੰਚਾਲਿਤ ਸਹੂਲਤਾਂ ਤੋਂ ਸ਼ੁਰੂ ਹੋਈ, ਜਿਹੜੀ ਕਿ ਕੈਲੀਫੋਰਨੀਆ ’ਚ ਸਥਿਤ ਹੈ ਅਤੇ ਇਸ ਦੇ ਹਸਪਤਾਲ ਤੇ ਕਲੀਨਿਕਾਂ ’ਚ ਟੈਕਸਾਸ, ਕਨੈਕਟੀਕਟ, ਰੋਡ ਆਈਲੈਂਡ ਅਤੇ ਪੈਨਸਿਲਵੇਨੀਆ ’ਚ ਹਨ।
ਇਸ ਬਾਰੇ ਅੱਜ ਇਕ ਬਿਆਨ ਜਾਰੀ ਕਰਕੇ ਕੰਪਨੀ ਨੇ ਦੱਸਿਆ ਕਿ ਸਾਈਬਰ ਹਮਲੇ ਬਾਰੇ ਪਤਾ ਲੱਗਣ ਮਗਰੋਂ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਸਾਰੇ ਸਿਸਟਮਾਂ ਨੂੰ ਬੰਦ ਕਰ ਦਿੱਤਾ ਅਤੇ ਤੀਜੀ-ਧਿਰ ਦੇ ਸਾਈਬਰ ਸੁਰੱਖਿਆ ਦੇ ਮਾਹਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਕੰਪਨੀ ਨੇ ਬਿਆਨ ’ਚ ਅੱਗੇ ਕਿਹਾ ਹੈ ਕਿ ਉਨ੍ਹਾਂ ਦੀ ਜਾਂਚ ਅਜੇ ਵੀ ਜਾਰੀ ਹੈ ।
ਇਸ ਸਬੰਧੀ ਅਮਰੀਕੀ ਹਸਪਤਾਲ ਐਸੋਸੀਏਸ਼ਨ ਦੀ ਸਾਈਬਰ ਸੁਰੱਖਿਆ ਅਤੇ ਜੋਖ਼ਮ ਲਈ ਰਾਸ਼ਟਰੀ ਸਲਾਹਕਾਰ ਜੌਨ ਰਿਗੀ ਨੇ ਕਿਹਾ ਕਿ ਰਿਕਵਰੀ ਪ੍ਰਕਿਰਿਆ ਨੂੰ ਅਕਸਰ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਜਾਨ-ਲੇਵਾ ਅਪਰਾਧ ਹੈ, ਜੋ ਨਾ ਸਿਰਫ਼ ਹਸਪਤਾਲ ਦੇ ਅੰਦਰ ਮਰੀਜ਼ਾਂ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਂਦਾ ਹੈ, ਸਗੋਂ ਸਮੁੱਚੇ ਭਾਈਚਾਰਿਆਂ ਦੀ ਸੁਰੱਖਿਆ ਨੂੰ ਵੀ ਖ਼ਤਰੇ ’ਚ ਪਾਉਂਦਾ ਹੈ, ਜੋ ਕਿ ਐਮਰਜੈਂਸੀ ਵਿਭਾਗ ਦੀ ਮੌਜੂਦਗੀ ’ਤੇ ਨਿਰਭਰ ਕਰਦਾ ਹੈ।