Montreal- ਮਾਂਟਰੀਆਲ ਦੇ ਉੱਤਰ-ਪੱਛਮ ’ਚ ਇੱਕ ਵੈਕੇਸ਼ਨ ਕੈਂਪ ’ਚ ਕਥਿਤ ਤੌਰ ’ਤੇ ਕੁਝ ਲੋਕਾਂ ਵਲੋਂ ਬੀਅਰ ਸਪਰੇਅ ਛਿੜਕ ਦਿੱਤੀ ਗਈ, ਜਿਸ ਕਾਰਨ 17 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਇਸ ਬਾਰੇ ’ਚ ਸੂਬਾ ਪੁਲਿਸ ਦੇ ਬੁਲਾਰੇ ਸਾਰਜੈਂਟ ਐਲੋਇਸ ਕੋਸੇਟ ਨੇ ਦੱਸਿਆ ਕਿ ਇਸ ਵਾਰਦਾਤ ਦੇ ਸੰਬੰਧ ’ਚ ਕੁੱਲ ਪੰਜ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜੇ ਸ਼ੱਕੀ ਹੇਰੋਕਸਵਿਲੇ ਵਿਖੇ ਉਕਤ ਕੈਂਪ ਦੇ ਕੈਫੇਟੇਰੀਆ ’ਚ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਅਤੇ ਇਸੇ ਉਦੇਸ਼ ਨਾਲ ਉਨ੍ਹਾਂ ਨੇ ਉਸ ’ਤੇ ਬੀਅਰ ਸਪਰੇਅ ਛਿੜਕ ਦਿੱਤੀ। ਇਸ ਦੌਰਾਨ ਬੀਅਰ ਸਪਰੇਅ ਹਵਾ ’ਚ ਫੈਲ ਗਈ ਅਤੇ ਇਸ ਨੇ ਉੱਥੇ ਮੌਜੂਦ ਲੋਕਾਂ ’ਤੇ ਬੁਰੀ ਤਰ੍ਹਾਂ ਅਸਰ ਕੀਤਾ। ਕੋਸੇਟ ਕਿਹਾ ਕਿ ਸਪਰੇਅ ਕਾਰਨ ਪੀੜਤਾਂ ਨੂੰ ਅੱਖਾਂ ਰਾਹੀਂ ਦੇਖਣ ਅਤੇ ਸਾਹ ਲੈਣ ’ਚ ਮੁਸ਼ਕਲਾਂ ਆਈਆਂ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਸਪਤਾਲ ’ਚ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਦੱਸੀ ਜਾ ਰਹੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੰਜ ਸ਼ੱਕੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਇਹ ਸਾਰੇ ਮਾਂਟਰੀਆਲ ਦੇ ਰਹਿਣ ਵਾਲੇ ਹਨ। ਕੋਸੇਟ ਮੁਤਾਬਕ ਪੁਲਿਸ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਮਲਾ ਕਿਸ ਮਕਸਦ ਨਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਇਸ ਸੰਬੰਧ ’ਚ ਕਿਸੇ ਵਲੋਂ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਾਈ ਗਈ ਹੈ ਪਰ ਫਿਰ ਵੀ ਪੁਲਿਸ ਸ਼ੱਕੀਆਂ ’ਤੇ ਪਾਬੰਦੀਸ਼ੁਦਾ ਹਥਿਆਰ ਦੀ ਵਰਤੋਂ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰੇਗੀ।