Surrey- ਕਲਟਸ ਝੀਲ ’ਚ ਡੁੱਬੇ ਇੱਕ 22 ਸਾਲਾ ਨੌਜਵਾਨ ਦੀ ਲਾਸ਼ ਕਰੀਬ ਇੱਕ ਮਹੀਨੇ ਖੋਜ ਦੀ ਖੋਜ ਮਗਰੋਂ ਅਖ਼ੀਰ ਬਰਾਮਦ ਕਰ ਲਈ ਗਈ। ਅਜੇ ਸਿੰਘ ਨਾਮੀ ਉਕਤ ਨੌਜਵਾਨ ਨੇ ਬੀਤੀ 19 ਜੁਲਾਈ ਨੂੰ ਕਲਟਸ ਝੀਲ ’ਚ ਆਪਣੇ ਇੱਕ ਦੋਸਤ ਨੂੰ ਬਚਾਉਣ ਦੀ ਖ਼ਾਤਰ ਝੀਲ ’ਚ ਛਾਲ ਮਾਰ ਦਿੱਤੀ ਸੀ। ਇਸ ਮਗਰੋਂ ਉਹ ਲਾਪਤਾ ਹੋ ਗਿਆ ਸੀ। ਅਜੇ ਸਿੰਘ ਦੇ ਦੋਸਤਾਂ ਮੁਤਾਬਕ ਉਸ ਨੂੰ ਤੈਰਨਾ ਆਉਂਦਾ ਸੀ ਪਰ ਫਿਰ ਪਤਾ ਨਹੀਂ ਉਹ ਡੁੱਬ ਕਿਸ ਤਰ੍ਹਾਂ ਗਿਆ। ਲਾਸ਼ ਮਿਲਣ ਮਗਰੋਂ ਚਿਲੀਵੈਕ ਆਰ. ਸੀ. ਐਮ. ਪੀ. ਦੇ ਬੁਲਾਰੇ ਕ੍ਰਿਸਟਾ ਵਲੋਰਿਕ ਨੇ ਕਿਹਾ ਕਿ ਅਸੀਂ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਉਂਦੇ ਹਨ। ਉਸ ਨੇ ਦੱਸਿਆ ਕਿ ਚਾਰ ਹਫ਼ਤਿਆਂ ਦੇ ਅੰਦਰ ਇਸ ਇਲਾਕੇ ਅੰਦਰ ਪਾਣੀ ’ਚ ਡੁੱਬਣ ਦੀ ਇਹ ਚੌਥੀ ਘਟਨਾ ਹੈ ਅਤੇ ਇਹ ਮੌਤਾਂ ਪਰਿਵਾਰ ਅਤੇ ਦੋਸਤਾਂ ਲਈ ਤਾਂ ਵਿਨਾਸ਼ਕਾਰੀ ਹਨ ਪਰ ਐਮਰਜੈਂਸੀ ਕਰਮਚਾਰੀਆਂ ’ਤੇ ਵੀ ਇਸ ਦਾ ਅਸਰ ਹੁੰਦਾ ਹੈ।
ਅਜੇ ਸਿੰਘ ਦਾ ਦੋਸਤ ਜੋਬਨਪ੍ਰੀਤ ਸਿੰਘ ਉਸ ਦੇ ਤਿੰਨ ਦੋਸਤਾਂ ਦੇ ਗਰੁੱਪ ’ਚੋਂ ਇੱਕ ਸੀ, ਜਿਹੜੇ 19 ਜੁਲਾਈ ਨੂੰ ਕਲਟਸ ਝੀਲ ਦੇ ਕੋਲ ਘੁੰਮਣ ਗਏ ਸਨ। ਉਸ ਨੇ ਅਜੇ ਸਿੰਘ ਲਈ ਨਿਆਂ ਵਾਲੇ ਪੋਸਟਰ ਲਾਏ ਸਨ ਅਤੇ ਉਸ ਦੀ ਭਾਲ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਸੀ। ਜੋਬਨਪ੍ਰੀਤ ਮੁਤਾਬਕ ਉਨ੍ਹਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਉਨ੍ਹਾਂ ਨੂੰ ਉਸ ਵੇਲੇ ਤੱਕ ਇੰਤਜ਼ਾਰ ਕਰਨਾ ਪਏਗਾ ਜਦੋਂ ਤੱਕ ਉਸ ਦਾ ਸਰੀਰ ਮੁੜ ਸਾਹਮਣੇ ਨਾ ਆ ਜਾਵੇ। ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਘਟਨਾ ਬਹੁਤ ਦੁੱਖਦਾਈ ਹੈ। ਦੱਸ ਦਈਏ ਕਿ ਅਜੇ ਸਿੰਘ ਦੇ ਲਾਪਤਾ ਹੋਣ ਮਗਰੋਂ ਗੋਤਾਖੋਰ ਟੀਮਾਂ ਲਗਾਤਾਰ ਉਸ ਦੀ ਭਾਲ ਕਰ ਰਹੀਆਂ ਸਨ, ਜਿਹੜੀ ਕਿ 15 ਅਗਸਤ ਨੂੰ ਜਾ ਕੇ ਖ਼ਤਮ ਹੋਈ।