Ohio- ਓਹੀਓ ਦੀ ਇੱਕ ਲੜਕੀ ਨੂੰ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਦੀ ਹੱਤਿਆ ਦੇ ਦੋਸ਼ ’ਚ ਆਪਣੀ ਪੂਰੀ ਉਮਰ ਜੇਲ੍ਹ ਦੀਆਂ ਸੀਖਾਂ ਪਿੱਛੇ ਬਿਤਾਉਣੀ ਪਏਗੀ। ਮੈਕੇਂਜੀ ਸ਼ਿਰੀਲਾ ਨਾਮੀ ਉਕਤ 19 ਸਾਲਾ ਲੜਕੀ ਨੂੰ ਆਪਣੇ ਪ੍ਰੇਮੀ ਡੋਮਿਨਿਕ ਰੂਸੋ (20) ਅਤੇ ਅਤੇ ਉਸ ਦੇ ਦੋਸਤ ਡੇਵੀਅਨ ਫਲਾਨਾਗਨ (19) ਦੀਆਂ ਮੌਤਾਂ ਲਈ ਲਈ ਦੋਸ਼ੀ ਠਹਿਰਾਏ ਜਾਣ ਦੇ ਇੱਕ ਹਫ਼ਤੇ ਬਾਅਦ ਅਦਾਲਤ ਨੇ ਸੋਮਵਾਰ ਨੂੰ ਉਸ ਨੂੰ ਦੋ ਸਮਕਾਲੀ 15 ਸਾਲਾਂ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਮੈਕੇਂਜੀ ਵਿਰੁੱਧ ਇਹ ਦੋਸ਼ ਲੱਗੇ ਸਨ ਕਿ ਉਸ ਨੇ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਜਾਣਬੁੱਝ ਕੇ ਆਪਣੀ ਕਾਰ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਦੜਾਉਂਦਿਆਂ ਇੱਟਾਂ ਦੀ ਇੱਕ ਕੰਧ ’ਚ ਮਾਰ ਦਿੱਤਾ ਸੀ। ਇਸ ਹਾਦਸੇ ਦੌਰਾਨ ਮੈਕੇਂਜੀ ਦੇ ਪ੍ਰੇਮੀ ਡੋਮਿਨਿਕ ਰੂਸੋ ਅਤੇ ਉਸ ਦੇ ਦੋਸਤ ਡੇਵੀਅਨ ਫਲਾਨਾਗਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਹ ਦੋਵੇਂ ਵੀ ਇਸ ਹਾਦਸੇ ਦੌਰਾਨ ਮੈਕੇਂਜੀ ਦੇ ਨਾਲ ਕਾਰ ’ਚ ਸਵਾਰ ਸਨ।
ਬੀਤੀ 14 ਅਗਸਤ ਨੂੰ ਮੈਕੇਂਜੀ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਉਂਦਿਆਂ ਕੁਯਾਹੋਗਾ ਕਾਊਂਟੀ ਕਾਮਨ ਪਲੀਜ ਜੱਜ ਨੈਨਸੀ ਮਾਰਗਰੇਟ ਰੂਸੋ ਨੇ ਕਿਹਾ ਕਿ ਇਹ ਲਾਪਹਰਵਾਹੀ ਨਾਲ ਡਰਾਈਵਿੰਗ ਨਹੀਂ ਸੀ, ਇਹ ਕਤਲ ਸੀ। ਇਸ ਦੌਰਾਨ ਉਸ ਕਤਲ ਅਤੇ ਸੰਗੀਨ ਹਮਲੇ ਦੇ ਚਾਰ-ਚਾਰ ਮਾਮਲਿਆਂ ਦੇ ਨਾਲ-ਨਾਲ ਗੰਭੀਰ ਵਾਹਨ ਹੱਤਿਆ ਅਤੇ ਹੋਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਾਦਸੇ ’ਚ ਮੈਕੇਂਜੀ, ਜੋ ਕਿ ਉਸ ਵੇਲੇ 17 ਸਾਲਾਂ ਦੀ ਸੀ, ਵਿਰੁੱਧ ਕੁੱਲ ਮਿਲਾ ਕੇ 12 ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਵਲੋਂ ਸੁਣਾਈ ਗਈ ਸਜ਼ਾ ਮੁਤਾਬਕ ਉਹ 15 ਸਾਲ ਸਜ਼ਾ ਭੁਗਤਣ ਮਗਰੋਂ ਹੀ ਪੈਰੋਲ ਦੇ ਯੋਗ ਹੋ ਸਕਦੀ ਹੈ।
ਹਾਲਾਂਕਿ 19 ਸਾਲਾ ਮੈਕੇਂਜੀ ਨੇ ਆਪਣੇ ਮੁਕੱਦਮੇ ’ਚ ਗਵਾਹੀ ਨਹੀਂ ਦਿੱਤੀ ਪਰ ਉਸ ਨੇ ਸਜ਼ਾ ਸੁਣਾਏ ਜਾਣ ਮਗਰੋਂ ਪੀੜਤਾਂ ਦੇ ਪਰਿਵਾਰ ਲਈ ਰੋਂਦਿਆਂ ਹੋਇਆ ਇੱਕ ਬਿਆਨ ਪੜਿ੍ਹਆ, ਜਿਸ ’ਚ ਉਸ ਨੇ ਕਿਹਾ ਕਿ ਉਸ ਨੂੰ ਯਾਦ ਨਹੀਂ ਹੈ ਕਿ ਜੁਲਾਈ 2022 ਦੀ ਉਸ ਰਾਤ ਨੂੰ ਕੀ ਹੋਇਆ ਸੀ। ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇੱਕ ਦਿਨ ਤੁਸੀਂ ਦੇਖ ਸਕੋਗੇ ਕਿ ਮੈਂ ਅਜਿਹਾ ਕਦੇ ਵੀ ਨਹੀਂ ਹੋਣ ਦਿਆਂਗੀ ਜਾਂ ਜਾਣ-ਬੁੱਝ ਦੇ ਅਜਿਹਾ ਕਰਾਂਗੀ।’’ ਉਸ ਨੇ ਅੱਗੇ ਕਿਹਾ, ‘‘ਕਾਸ਼ ਮੈਂ ਯਾਦ ਰੱਖ ਸਕਦੀ ਕਿ ਕੀ ਹੋਇਆ ਸੀ। ਮੈਨੂੰ ਬਹੁਤ ਦੁੱਖ ਹੈ। ਮੈਂ ਬਹੁਤ ਦੁਖੀ ਹਾਂ।…ਕਾਸ਼ ਮੈਂ ਤੁਹਾਡਾ ਸਾਰਾ ਦਰਦ ਦੂਰ ਕਰ ਸਕਦੀ।’’
ਘਾਤਕ ਹਾਦਸੇ ਤੋਂ ਕੁਝ ਸੈਕੰਡ ਪਹਿਲਾਂ ਦੀ ਵੀਡੀਓ ਨੂੰ ਮੈਕੇਂਜੀ ਦੇ ਟਰਾਇਲ ਦੌਰਾਨ ਸਬੂਤ ਵਜੋਂ ਦਿਖਾਇਆ ਗਿਆ ਸੀ, ਜਿਸ ’ਚ ਉਸ ਦੀ ਕੈਮਰੀ ਗੱਡੀ ਨੂੰ ਇੱਕ ਇਮਾਰਤ ’ਚ ਵੱਜਣ ਤੋਂ ਪਹਿਲਾਂ ਬਹੁਤ ਤੇਜ਼ੀ ਨਾਲ ਅੱਗੇ ਵਧਦਿਆਂ ਦੇਖਿਆ ਗਿਆ ਸੀ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਇਹ ਵੀਡੀਓ ਫ਼ੈਸਲਾ ਸੁਣਾਉਣ ’ਚ ਕਾਫ਼ੀ ਮਹੱਤਵਪੂਰਨ ਸੀ।