Toronto- ਸ਼ਹਿਰ ਦੇ ਪੱਛਮੀ ਇਲਾਕੇ ’ਚ ਵੀਰਵਾਰ ਸ਼ਾਮੀਂ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਘਟਨਾ ਦੇ ਵੇਰਵਿਆਂ ਮੁਤਾਬਕ ਇਹ ਗੋਲੀਬਾਰੀ ਵੀਰਵਾਰ ਸ਼ਾਮੀਂ 7.30 ਵਜੇ ਤੋਂ ਬਾਅਦ ਡਫਰਿਨ ਸਟਰੀਟ ਦੇ ਪੂਰਬ ’ਚ ਨਾਰਥਕਲਿੱਫ ਬੁਲੇਵਾਰਡ ਅਤੇ ਸੈਂਟ ਕਲੇਅਰ ਐਵੇਨਿਊ ਵੈਸਟ ਇਲਾਕੇ ’ਚ ਹੋਈ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਟੋਰਾਂਟੋ ਪੁਲਿਸ ਦੇ ਅਧਿਕਾਰੀ ਅਤੇ ਪੈਰਾਮੈਡਿਕਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ।
ਇਸ ਬਾਰੇ ’ਚ ਜਾਣਕਾਰੀ ਦਿੰਦਿਆਂ ਡਿਊਟੀ ਇੰਸਪੈਕਟਰ ਮਾਹੇਰ ਅਬਦੇਲ-ਮਲਿਕ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਮੌਕੇ ’ਤੇ ਇੱਕ ਪੁਰਸ਼ ਅਤੇ ਇੱਕ ਮਹਿਲਾ ਨੂੰ ਗੰਭੀਰ ਹਾਲਤ ’ਚ ਮਿਲੇ। ਉਨ੍ਹਾਂ ਦੱਸਿਆ ਕਿ ਇੱਕ ਦੇ ਪੇਟ ’ਚ ਗੋਲੀ ਲੱਗੀ ਸੀ, ਜਦਕਿ ਦੂਜੇ ਦੇ ਪੈਰ ’ਚ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਗੰਭਰ ਹਾਲਤ ’ਚ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਕਿ ਉਕਤ ਪੁਰਸ਼ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਅਬਦੇਲ-ਮਲਿਕ ਨੇ ਕਿਹਾ ਕਿ ਪੀੜਤ ਔਰਤ ਦੀ ਹਾਲਤ ਫਿਲਹਾਲ ਸਥਿਰ ਹੈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਦੇ ਸੰਬੰਧ ’ਚ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ, ਜਿਹੜਾ ਕਿ ਮੌਕੇ ਤੋਂ ਪੈਦਲ ਭੱਜ ਗਿਆ। ਅਬਦੇਲ-ਮਲਿਕ ਮੁਤਾਬਕ ਘਟਨਾ ਵਾਲੀ ਥਾਂ ਤੋਂ ਇੱਕ ਬੰਦੂਕ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਸ਼ੁਰੂਆਤੀ ਪੜਾਅ ’ਚ ਹੈ, ਇਸ ਲਈ ਇਹ ਕਹਿਣਾ ਕਿ ਪੀੜਤਾਂ ਅਤੇ ਸ਼ੱਕੀ ਵਿਚਾਲੇ ਕੋਈ ਸੰਬੰਧ ਹੈ ਜਾਂ ਨਹੀਂ, ਜਲਦਬਾਜ਼ੀ ਹੋਵੇਗਾ। ਫਿਲਹਾਲ ਉਨ੍ਹਾਂ ਨੇ ਪੀੜਤਾਂ ਦੀ ਪਹਿਚਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।