X ’ਤੇ ਟਰੰਪ ਦੀ ਧਮਾਕੇਦਾਰ ਵਾਪਸੀ, ਐਲਨ ਮਸਕ ਨੇ ਵੀ ਦਿੱਤੀ ਪ੍ਰਤੀਕਿਰਿਆ

Washington- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਗ ਸ਼ਾਟ ਦੇ ਨਾਲ ਹੀ X, ਜਿਸ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ’ਤੇ ਵਾਪਸੀ ਕੀਤੀ ਹੈ। ਪਿਛਲੇ ਸਾਲ ਅਕਾਊਂਟ ਬਹਾਲ ਹੋਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਪੋਸਟ ਹੈ। ਮਗਸ਼ਾਟ ਜਾਰਜੀਆ ਚੋਣ ਨਜੀਤਿਆਂ ਨੂੰ ਉਲਟਾਉਣ ਦੇ ਮਾਮਲੇ ’ਚ ਟਰੰਪ ਦੀ ਗਿ੍ਰਫ਼ਤਾਰੀ ਮਗਰੋਂ ਫੁਲਟਨ ਕਾਊਂਟੀ ਸ਼ੈਰਿਫ ਦਫ਼ਤਰ ਵਲੋਂ ਜਾਰੀ ਕੀਤਾ ਗਿਆ ਹੈ।
ਟਰੰਪ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ’ਚ ਵੀਰਵਾਰ ਨੂੰ ਫੁਲਟਨ ਕਾਊਂਟੀ ਜੇਲ੍ਹ ’ਚ ਰਸਮੀ ਤੌਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਸੀ। ਹਾਲਾਂਕਿ 20 ਮਿੰਟਾਂ ਮਗਰੋਂ ਉਨ੍ਹਾਂ ਨੂੰ 200,000 ਲੱਖ ਦੇ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ ’ਤੇ ਜਾਰਜੀਆ ’ਚ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਉਨ੍ਹਾਂ ਦੇ 18 ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਹੈ। ਟਰੰਪ ਜਦੋਂ ਜੇਲ੍ਹ ਗਏ ਤਾਂ ਜੇਲ੍ਹ ਪ੍ਰਸ਼ਾਸਨ ਵਲੋਂ ਹੋਰਨਾਂ ਕੈਦੀਆਂ ਵਾਂਗ ਹੀ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਮਗ ਸ਼ਾਟ ਲਿਆ ਗਿਆ।
ਜੇਲ੍ਹ ’ਚੋਂ ਰਿਹਾਅ ਹੋਣ ਤੋਂ ਕੁਝ ਸਮੇਂ ਬਾਅਦ ਟਰੰਪ ਨੇ ਆਪਣੇ ਮਗਸ਼ਾਟ ਨੂੰ X ’ਤੇ ਟਵੀਟ ਕੀਤਾ, ਜਿਸ ’ਚ ਉਨ੍ਹਾਂ ਨੇ ਲਿਖਿਆ, ‘‘ਇਲੈਕਸ਼ਨ ਇੰਟਰਫੇਅਰੈਂਸ, ਨੈਵਰ ਸਰੈਂਡਰ।’ ਟਰੰਪ ਦੀ ਇਸ ਪੋਸਟ ’ਤੇ ਟਵਿੱਟਰ ਦੇ ਸੀ. ਈ. ਓ. ਐਲਨ ਮਸਕ ਨੇ ਵੀ ਆਪਣੀ ਪ੍ਰਤੀਕਿਰਆ ਦਿੱਤੀ ਹੈ। ਉਨ੍ਹਾਂ ਨੇ ਟਰੰਪ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਇਸ ਨੂੰ ‘ਨੈਕਸਟ ਲੈਵਲ’ ਕਿਹਾ। ਟਰੰਪ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਇਸ ਨੂੰ 66 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਦੱਸ ਦਈਏ ਕਿ ਵਾਸ਼ਿੰਗਟਨ ’ਚ 6 ਜਨਵਰੀ 2021 ਨੂੰ ਸੰਸਦ ਭਵਨ ’ਚ ਹੋਏ ਦੰਗਿਆਂ ਮਗਰੋਂ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਟਰੰਪ ਨੇ ਆਖ਼ਰੀ ਵਾਰ ਸਾਲ 2021 ’ਚ ਟਵੀਟ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਨਹੀਂ ਹੋਣਗੇ। ਇਸ ਸਾਲ ਐਲਨ ਮਸਕ ਨੇ ਟਵਿੱਟਰ ਨੂੰ ਖ਼ਰੀਦਣ ਮਗਰੋਂ ਟਰੰਪ ਦੇ ਅਕਾਊਂਟ ਨੂੰ ਮੁੜ ਬਹਾਲ ਕੀਤਾ ਸੀ। ਅਕਾਊਂਟ ਬਹਾਲੀ ਮਗਰੋਂ ਵੀ ਲੰਬੇ ਸਮੇਂ ਤੱਕ ਟਰੰਪ ਨੇ ਕੋਈ ਟਵੀਟ ਨਹੀਂ ਕੀਤਾ ਸੀ।