California- ਕੈਲੀਫੋਰਨੀਆ ’ਚ ਇੱਕ ਪਾਰਕਿੰਗ ਗੈਰਾਜ ’ਚ ਕਥਿਤ ਤੌਰ ’ਤੇ ਆਪਣੀ ਪ੍ਰੇਮਿਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ। ਸਿਮਰਨਜੀਤ ਸਿੰਘ ਨਾਮੀ ਉਕਤ ਨੌਜਵਾਨ ’ਤੇ ਹੱਤਿਆ ਦੇ ਦੋਸ਼ ਲੱਗੇ ਹਨ।
29 ਸਾਲਾ ਸਿਮਰਨਜੀਤ ਸਿੰਘ ਨੂੰ ਪਿਛਲੇ ਹਫ਼ਤੇ ਪੁਲਿਸ ਨੇ ਰੋਜ਼ਵਿਲੇ ਸ਼ਹਿਰ ਦੇ ਪੰਜ ਮੰਜ਼ਲਾ ਗੈਲੇਰਿਆ ਮਾਲ ਦੇ ਪਾਰਕਿੰਗ ਗੈਰਾਜ ’ਚ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨ ਦੇ ਸ਼ੱਕ ’ਚ ਗਿ੍ਰਫ਼ਤਾਰ ਕੀਤਾ ਸੀ। ਪਲੇਸਰ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ, ਜਿਸ ਵਲੋਂ ਸਿਮਨਰਜੀਤ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ, ਨੇ ਕਿਹਾ ਕਿ ਬੁੱਧਵਾਰ ਨੂੰ ਸਿਮਰਨਜੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਇਸ ਦੌਰਾਨ ਬਚਾਓ ਪੱਖ ਦੀ ਨੁਮਾਇੰਦਗੀ ਕਰਨ ਲਈ ਪਬਲਿਕ ਡਿਫੈਂਡਰ ਦੇ ਦਫ਼ਤਰ ਨੂੰ ਨਿਯੁਕਤ ਕੀਤਾ ਗਿਆ ਸੀ। ਦਫ਼ਤਰ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਬਚਾਓ ਪੱਖ ਵਲੋਂ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਸ਼ਨੀਵਾਰ ਨੂੰ ਸਿਮਰਨਜੀਤ ਸਿੰਘ ਅਤੇ ਉਸ ਦੀ ਪ੍ਰੇਮਿਕਾ ਇਕੱਠੇ ਹੀ ਮਾਲ ’ਚ ਪਹੁੰਚੇ ਸਨ। ਇਸ ਦੌਰਾਨ ਪਾਰਕਿੰਗ ਗੈਰਾਜ ’ਚ ਉਸ ਦੀ ਹੱਤਿਆ ਕਰਨ ਮਗਰੋਂ ਸਵੇਰੇ 10.30 ਵਜੇ ਦੇ ਕਰੀਬ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਬੰਦੂਕ ਨੂੰ ਉਹ ਕਾਰ ਦੇ ਅੰਦਰ ਹੀ ਛੱਡ ਗਿਆ। ਇਸ ਬੰਦੂਕ ਨੂੰ ਪੁਲਿਸ ਵਲੋਂ ਬਾਅਦ ’ਚ ਬਰਾਮਦ ਕੀਤਾ ਗਿਆ।
ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਚਸ਼ਮਦੀਦਾਂ ਅਤੇ ਸੁਰੱਖਿਆ ਦੀ ਮਦਦ ਨਾਲ ਛੇਤੀ ਹੀ ਸਿਮਰਨਜੀਤ ਨੂੰ ਹਿਰਾਸਤ ’ਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਇੱਕ ਹੋਰ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਸੀ ਪਰ ਬਾਅਦ ’ਚ ਉਸ ਨੂੰ ਛੱਡ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਬਾਰੇ ਵਧੇਰੇ ਜਾਣਕਾਰੀ ਜਾਂਚ ਤੋਂ ਬਾਅਦ ਹੀ ਦਿੱਤੀ ਜਾਵੇਗੀ। ਫਿਲਹਾਲ ਸਿਮਰਨਜੀਤ ਸਿੰਘ ਨੂੰ ਬਿਨਾਂ ਜ਼ਮਾਨਤ ਦੇ ਕੈਲੀਫੋਰਨੀਆ ਦੀ ਪਲੇਸਰ ਕਾਊਂਟੀ ਜੇਲ੍ਹ ’ਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਮਗਰੋਂ ਉਹ ਪੀੜਤ ਦਾ ਨਾਂ ਜਾਰੀ ਕਰਨਗੇ।