London- ਬ੍ਰਿਟਿਸ਼ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਯੂ. ਕੇ. ’ਚ ਉਨ੍ਹਾਂ 88 ਲੋਕਾਂ ਦੀਆਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕੈਨੇਡਾ-ਅਧਾਰਿਤ ਉਨ੍ਹਾਂ ਵੈੱਬਸਾਈਟਾਂ ਤੋਂ ਉਤਪਾਦ ਖ਼ਰੀਦੇ ਸਨ ਜਿਹੜੀਆਂ, ਕਥਿਤ ਤੌਰ ’ਤੇ, ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕਗਾਰ ‘ਤੇ ਪਹੁੰਚੇ ਲੋਕਾਂ ਨੂੰ ਮਾਰੂ ਪਦਾਰਥ ਪੇਸ਼ ਕਰਦੀਆਂ ਹਨ। ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (NCA) ਨੇ ਕਿਹਾ ਕਿ ਉਸ ਵਲੋਂ ਯੂ. ਕੇ. ’ਚ 232 ਲੋਕਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਨੇ ਅਪ੍ਰੈਲ ਤੱਕ ਪਿਛਲੇ ਦੋ ਸਾਲਾਂ ਦੌਰਾਨ ਵੈਬਸਾਈਟਾਂ ਤੋਂ ਪਦਾਰਥ ਖ਼ਰੀਦੇ ਸਨ, ਜਿਨ੍ਹਾਂ ’ਚੋਂ 88 ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਜੰਸੀ ਵਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਨ੍ਹਾਂ ਮੌਤਾਂ ਦਾ ਸਿੱਧਾ ਕਾਰਨ ਰਸਾਇਣ ਸੀ ਪਰ ਉਸ ਨੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਜਾਂਚ ਕੈਨੇਥ ਲਾਅ ਨਾਂ ਦੇ ਇੱਕ ਕੈਨੇਡੀਅਨ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਈਆਂ ਕੌਮਾਂਤਰੀ ਪੜਤਲਾਂ ਦਾ ਹਿੱਸਾ ਹੈ। ਕੈਨੇਥ ‘ਤੇ ਖੁਦਕੁਸ਼ੀ ਕਰਨ ’ਚ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਲਾਅ ਨੂੰ ਟੋਰਾਂਟੋ ’ਚ ਆਤਮ ਹੱਤਿਆ ’ਚ ਸਹਾਇਤਾ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਸੁਣਵਾਈ 8 ਸਤੰਬਰ ਤੱਕ ਮੁਲਤਵੀ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਹ ਓਨਟਾਰੀਓ ਦੀ ਬਰੈਂਪਟਨ ’ਚ ਅਦਾਲਤ ’ਚ ਕੁਝ ਸਮੇਂ ਲਈ ਹਾਜ਼ਰ ਹੋਇਆ ਸੀ।
ਮੰਨਿਆ ਜਾਂਦਾ ਹੈ ਕਿ 57 ਸਾਲਾ ਲਾਅ ਨੇ ਆਤਮ ਹੱਤਿਆ ’ਚ ਸਹਾਇਤਾ ਲਈ ਉਪਕਰਣ ਵੇਚਣ ਵਾਲੀਆਂ ਕਈ ਵੈੱਬਸਾਈਟਾਂ ਚਲਾਈਆਂ ਹਨ। ਕੈਨੇਡੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਤੋਂ 40 ਤੋਂ ਵੱਧ ਦੇਸ਼ਾਂ ’ਚ ਗ੍ਰਾਹਕਾਂ ਨੂੰ 1,200 ਪੈਕੇਜ ਭੇਜੇ ਸਨ, ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕਿੰਨਿਆ ’ਚ ਜ਼ਹਿਰੀਲਾ ਪਦਾਰਥ ਸ਼ਾਮਿਲ ਸੀ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅਪ੍ਰੈਲ ’ਚ ਟੋਰਾਂਟੋ ਖੇਤਰ ’ਚ ਇੱਕ ਨੌਜਵਾਨ ਦੀ ਅਚਾਨਕ ਮੌਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਯੂ. ਕੇ. ’ਚ ਲਾਅ ਅਤੇ ਮੌਤਾਂ ਵਿਚਕਾਰ ਕਥਿਤ ਸੰਬੰਧ ਪਹਿਲੀ ਵਾਰ ਉਸੇ ਮਹੀਨੇ ਦਿ ਟਾਈਮਜ਼ ਵਲੋਂ ਇੱਕ ਗੁਪਤ ਜਾਂਚ ’ਚ ਸਾਹਮਣੇ ਆਏ ਸਨ। ਨੈਸ਼ਨਲ ਕ੍ਰਾਈਮ ਏਜੰਸੀ ਦੇ ਡਿਪਟੀ ਡਾਇਰੈਕਟਰ ਕਰੇਗ ਟਰਨਰ ਨੇ ਕਿਹਾ, ਮਰਨ ਵਾਲਿਆਂ ਦੇ ਅਜ਼ੀਜ਼ਾਂ ਨਾਲ ਸਾਡੀ ਡੂੰਘੀ ਹਮਦਰਦੀ ਹੈ। ਉਨ੍ਹਾਂ ਨੂੰ ਪੁਲਿਸ ਬਲਾਂ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੁਆਰਾ ਸਹਾਇਤਾ ਦਿੱਤੀ ਜਾ ਰਹੀ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਮਿਸਿਸਾਗਾ ਦੇ ਰਹਿਣ ਵਾਲੇ 57 ਸਾਲਾ ਦੇ ਕੈਨੇਥ ਲਾਅ ਨਾਲ ਜੁੜੀ ਜਾਂਚ ’ਚ ਓਨਟੇਰਿਓ ਦੀਆਂ 11 ਪੁਲਿਸ ਸੇਵਾਵਾਂ ਸ਼ਾਮਲ ਹਨ।