Jacksonville- ਅਮਰੀਕੀ ਸੂਬੇ ਫਲੋਰੀਡਾ ਦੇ ਜੈਕਸਨਵਿਲੇ ’ਚ ਇੱਕ ਡਾਲਰ ਜਨਰਲ ਸਟੋਰ ’ਚ ਨਸਲੀ ਤੌਰ ’ਤੇ ਪ੍ਰੇਰਿਤ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਤਿੰਨਾਂ ਦੀ ਹੱਤਿਆ ਕਰਨ ਮਗਰੋਂ ਦੋਸ਼ੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਗਈ। ਇਸ ਮਗਰੋਂ ਇਸ ਘਟਨਾ ’ਚ ਗੋਲੀਬਾਰੀ ਕਰਨ ਵਾਲੇ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।
ਇੱਕ ਪ੍ਰੈਸ ਕਾਨਫਰੰਸ ’ਚ ਜੈਕਸਨਵਿਲੇ ਸ਼ੈਰਿਫ ਟੀ.ਕੇ. ਵਾਟਰਸ ਨੇ ਕਿਹਾ ਕਿ ਮਰਨ ਵਾਲਿਆਂ ’ਚ ਦੋ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਤਿੰਨੋਂ ਕਾਲੇ ਲੋਕ ਸਨ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀ 20 ਸਾਲ ਦਾ ਇੱਕ ਗੋਰਾ ਸੀ। ਉਹ ਇੱਕ ਉੱਚ ਤਾਕਤੀ ਰਾਈਫਲ ਅਤੇ ਇੱਕ ਹੈਂਡਗਨ ਨਾਲ ਲੈਸ ਸੀ। ਉਸ ਨੇ ਟੈਕਟੀਕਲ ਜੈਕਟ ਪਾਈ ਹੋਈ ਸੀ। ਜਿਵੇਂ ਹੀ ਸਟੋਰ ਦੇ ਅੰਦਰ ਵੜਿਆ, ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਚ ਤਿੰਨ ਲੋਕਾਂ ਦੀ ਜਾਨ ਚਲੀ ਗਈ।
ਵਾਟਰਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਗੋਲੀਬਾਰੀ ਨਸਲੀ ਤੌਰ ’ਤੇ ਪ੍ਰੇਰਿਤ ਸੀ ਅਤੇ ਉਹ ਕਾਲੇ ਲੋਕਾਂ ਨੂੰ ਨਫ਼ਰਤ ਕਰਦਾ ਸੀ।’’ ਪੁਲਿਸ ਦੇ ਅਨੁਸਾਰ, ਹਮਲੇ ਤੋਂ ਬਾਅਦ ਜਿਸ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਮੰਨਿਆ ਜਾਂਦਾ ਹੈ ਕਿ ਉਸਨੇ ਇਕੱਲੇ ਕੰਮ ਕੀਤਾ ਸੀ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਕਿਸੇ ਵੱਡੇ ਸਮੂਹ ਦਾ ਹਿੱਸਾ ਸੀ।
ਦੱਸ ਦਈਏ ਕਿ ਇਹ ਗੋਲੀਬਾਰੀ ਐਡਵਰਡ ਵਾਟਰਸ ਯੂਨੀਵਰਸਿਟੀ ਦੇ ਨਜ਼ਦੀਕ ਹੋਈ ਸੀ। ਇਹ ਇੱਕ ਇਤਿਹਾਸਕ ਕਾਲਜ ਹੈ, ਜਿੱਥੇ ਕਿ ਕਾਲੇ ਲੋਕ ਪੜ੍ਹਦੇ ਹਨ ਅਤੇ ਇਸ ਘਟਨਾ ਤੋਂ ਬਾਅਦ ਕੈਂਪਸ ’ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਹਾਲਾਂ ’ਚ ਰਹਿਣ ਲਈ ਕਿਹਾ ਗਿਆ ਸੀ।