Washington- ਅਮਰੀਕਾ ਦੇ ਕਈ ਸ਼ਹਿਰਾਂ ’ਚ ਰਿਕਾਰਡ ਤੋੜ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਦੇਸ਼ ਦੇ ਡਲਾਸ ਇਲਾਕੇ ’ਚ ਤਾਪਮਾਨ ਕਰੀਬ 43.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਪਮਾਨ ’ਚ ਇਸ ਵਾਧੇ ਦੇ ਨਾਲ ਹੀ ਡਲਾਸ ’ਚ ਗਰਮੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇੱਥੇ ਸਾਲ 2011 ’ਚ 43 ਡਿਗਰੀ ਸੈਲਸੀਅਸ ਤਾਮਪਾਨ ਦਰਜ ਕੀਤਾ ਗਿਆ ਸੀ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਸੂਬੇ ’ਚ ਬੀਤੇ ਜੂਨ ਮਹੀਨੇ ਤੋਂ ਗਰਮੀ ਦਾ ਕਹਿਰ ਜਾਰੀ ਹੈ। ਪੂਰਬੀ ਟੈਕਸਾਸ ਦੇ ਵਧੇਰੇ ਹਿੱਸਿਆਂ, ਲੁਇਸੀਆਨਾ ਅਤੇ ਮਿਸੀਸਿਪੀ ਦੇ ਵਧੇਰੇ ਇਲਾਕਿਆਂ ਸਣੇ ਅਰਕੰਸਾਸ, ਟੈਨੇਸੀ, ਮਿਸੌਰੀ, ਕੇਂਟਕੀ, ਇਲਿਨੋਇਸ ਅਤੇ ਫਲੋਰੀਡਾ ਪੈਨਹੈਂਡਲ ਦੇ ਕੁਝ ਇਲਾਕਿਆਂ ’ਚ ਲੋਹੜੇ ਦੀ ਗਰਮੀ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਚਿਤਾਵਨੀ ਜਾਰੀ ਕੀਤੀ ਗਈ ਸੀ। ਮਿਸੀਸਿਪੀ ਅਤੇ ਲੁਇਸੀਆਨਾ ਦੇ ਕੁਝ ਇਲਾਕਿਆਂ ’ਚ ਵੀ ਤਾਪਮਾਨ 48.3 ਡਿਗਰੀ ਅਤੇ 48.9 ਡਿਗਰੀ ਦਰਜ ਕੀਤਾ ਗਿਆ ਹੈ।
ਉੱਧਰ ਵਧਦੀ ਗਰਮੀ ਦੇ ਚੱਲਦਿਆਂ ਟੈਕਸਾਸ ’ਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ‘ਈ. ਆਰ. ਸੀ. ਓ. ਟੀ.’ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ ਦੀ ਵਰਤੋਂ ’ਚ ਕਟੌਤੀ ਕਰਨ ਦੀ ਅਪੀਲ ਕੀਤੀ ਹੈ। ਕੰਪਨੀ ਵਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਹੈ ਕਿ ਗਰਮੀ ਦੇ ਕਾਰਨ ਬਿਜਲੀ ਦੀ ਮੰਗ ’ਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਸਪਲਾਈ ’ਤੇ ਕਾਫ਼ੀ ਅਸਰ ਪੈ ਰਿਹਾ ਹੈ।
ਮਿਸੀਸਿਪੀ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਹੈ ਕਿ ਵਧੇ ਹੋਏ ਤਾਪਮਾਨ ਕਾਰਨ ਸ਼ਹਿਰ ’ਚ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇੱਥੇ 40 ਲੱਖ ਗੈਲਨ ਪਾਣੀ ਸਿਰਫ਼ ਰੋਜ਼ਾਨਾ ਦੀ ਕੰਮ-ਕਾਰਾਂ ਲਈ ਹੀ ਸਪਲਾਈ ਕੀਤਾ ਜਾ ਰਿਹਾ ਹੈ। ਪਾਣੀ ਦੀ ਵਧਦੀ ਮੰਗ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਪਾਣੀ ਦੀ ਵਰਤੋਂ ਘੱਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੇਸ਼ ਦੇ ਮੌਸਮ ਵਿਭਾਗ ਨੇ ਮੌਜੂਦਾ ਗਰਮੀਆਂ ਦੇ ਮੌਸਮ ਨੂੰ ਹੁਣ ਤੱਕ ਦਾ ਸਭ ਤੋਂ ਗਰਮ ਸੀਜ਼ਨ ਦੱਸਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਇਸ ਗੱਲ ਦੀ ਉਮੀਦ ਜਤਾਈ ਹੈ ਕਿ ਤਾਪਮਾਨ ’ਚ ਗਿਰਾਵਟ ਕਾਰਨ ਲੋਕਾਂ ਨੂੰ ਜਲਦੀ ਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ।