Toronto- ਟੋਰਾਂਟੋ ਦੇ ਨਜ਼ਦੀਕ ਪੈਂਦੇ ਹਾਲਟਨ ’ਚ ਬੁੱਧਵਾਰ ਸਵੇਰੇ ਇੱਕ ਟਰੇਲਰ ’ਚੋਂ 50 ਲੱਖ ਮਧੂਮੱਖੀਆਂ ਨਾਲ ਭਰੇ ਹੋਏ ਬਕਸੇ ਸੜਕ ’ਤੇ ਡਿੱਗ ਪਏ। ਇਸ ਕਾਰਨ ਹਰ ਪਾਸੇ ਮਧੂਮੱਖੀਆਂ ਨੇ ਸੜਕ ਦੇ ਆਲੇ-ਦੁਆਲੇ ਹਰ ਥਾਂ ’ਤੇ ਜਿਵੇਂ ਆਪਣਾ ਕਬਜ਼ਾ ਹੀ ਕਰ ਲਿਆ ਹੋਵੇ। ਘਟਨਾ ਤੋਂ ਬਾਅਦ ਇਸ ਮਗਰੋਂ ਪੁਲਿਸ ਨੇ ਵਾਹਨ ਚਾਲਕਾਂ ਨੂੰ ਚਿਤਾਵਨੀ ਜਾਰੀ ਕੀਤੀ ਕਿ ਉਹ ਇਸ ਇਲਾਕੇ ਵੱਲ ਨਾ ਆਉਣ ਅਤੇ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਅਤੇ ਖਿੜਕੀਆਂ ਬੰਦ ਰੱਖਣ।
ਹਾਲਟਨ ਖੇਤਰੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 6.15 ਵਜੇ ਇੱਕ ਕਾਲ ਆਈ, ਜਿਸ ’ਚ ਇਹ ਜਾਣਕਾਰੀ ਦਿੱਤੀ ਗਈ ਕਿ ਓਨਟਾਰੀਓ ਦੇ ਬਰਲਿੰਗਟਨ ’ਚ ਇੱਕ ਟਰੱਕ ’ਚੋਂ ਮੱਧੂਮੱਖੀਆਂ ਨਾਲ ਭਰੇ ਬਕਸੇ ਸੜਕ ’ਤੇ ਡਿੱਗੇ ਪਏ ਹਨ।
ਕਾਂਸਟੇਬਲ ਰਯਾਨ ਐਂਡਰਸਨ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਇਹ ਕਿੱਦਾ ਹੋਇਆ ਪਰ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਮਧੂਮੱਖੀਆਂ ਦੇ ਛੱਤੇ ਟ੍ਰੇਲਰ ਤੋਂ ਫਿਸਲ ਕੇ ਸੜਕ ’ਤੇ ਪਏ ਦੇਖੇ। ਉਨ੍ਹਾਂ ਕਿਹਾ ਕਿ ਟਰੇਲਰ ਚਾਲਕ, ਜਿਹੜਾ ਕਿ ਮੌਕੇ ’ਤੇ ਮੌਜੂਦ ਸੀ, ਨੂੰ ਮਧੂਮੱਖੀਆਂ ਵਲੋਂ ਕਰੀਬ 100 ਡੰਗ ਮਾਰੇ ਗਏ, ਕਿਉਂਕਿ ਉਸ ਨੇ ਮਧੂਮੱਖੀਆਂ ਤੋਂ ਬਚਾਅ ਵਾਲਾ ਸੂਟ ਨਹੀਂ ਪਹਿਨਿਆ ਹੋਇਆ ਸੀ। ਇਸ ਮੌਕੇ ਪੈਰਾਮੈਡਿਕਸ ਵਲੋਂ ਉਸ ਦਾ ਇਲਾਜ ਕੀਤਾ ਗਿਆ।
ਘਟਨਾ ਤੋਂ ਬਾਅਦ ਪੁਲਿਸ ਵਲੋਂ ਸੋਸ਼ਲ ਮੀਡੀਆ ’ਤੇ ਨੋਟਿਸ ਜਾਰੀ ਕੀਤਾ ਅਤੇ ਕਰੀਬ ਇੱਕ ਘੰਟੇ ਬਾਅਦ ਕਈ ਮਧੂਮੱਖੀ ਪਾਲਕਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਮਦਦ ਦੀ ਪੇਸ਼ਕਸ਼ ਕੀਤੀ। ਐਂਡਰਸਨ ਨੇ ਕਿਹਾ ਕਿ ਅਖ਼ੀਰ ਛੇ ਜਾਂ ਸੱਤ ਮਧੂਮੱਖੀ ਪਾਲਕ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲਿਸ ਮੁਤਾਬਕ ਲਗਭਗ ਸਵੇਰੇ 9.15 ਵਜੇ ਤੱਕ 50 ਲੱਖ ਮਧੂਮੱਖੀਆਂ ’ਚੋਂ ਵਧੇਰੇ ਨੂੰ ਸੁਰੱਖਿਅਤ ਰੂਪ ਨਾਲ ਇਕੱਠਾ ਕਰ ਲਿਆ ਗਿਆ ਸੀ ਅਤੇ ਬਕਸਿਆਂ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਸੀ। ਉੱਥੇ ਹੀ ਕੁਝ ਬਕਸੇ ਛੱਡ ਦਿੱਤੇ ਗਏ ਸਨ ਤਾਂ ਕਿ ਜਿਹੜੀਆਂ ਮਧੂਮੱਖੀਆਂ ਨਹੀਂ ਫੜੀਆਂ ਗਈਆਂ ਸਨ, ਉਨ੍ਹਾਂ ਨੂੰ ਫੜਿਆ ਜਾ ਸਕੇ।