ਜਗਮੀਤ ਸਿੰਘ ਦੀ ਟਰੂਡੋ ਨੂੰ ਸਲਾਹ- ਬੈਂਕ ਆਫ਼ ਕੈਨੇਡਾ ਨੂੰ ਵਿਆਜ ਦਰਾਂ ’ਚ ਵਾਧਾ ਰੋਕਣ ਲਈ ਕਹੋ

Ottawa- ਨਿਊ ਡੈਮੋਕਰੇਟਸ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਬੈਂਕ ਆਫ਼ ਕੈਨੇਡਾ ਨੂੰ ਵਿਆਜ ਦਰਾਂ ’ਚ ਵਾਧੇ ਨੂੰ ਬੰਦ ਕਰਨ ਲਈ ਕਹਿਣਾ ਚਾਹੀਦਾ ਹੈ। ਕੇਂਦਰੀ ਬੈਂਕ ਨੇ ਮਹਾਂਮਾਰੀ ਤੋਂ ਬਾਅਦ ਦੇ ਰਿਕਵਰੀ ਪੀਰੀਅਡ ’ਚ, ਕੈਨੇਡਾ ਅਤੇ ਕਈ ਹੋਰ ਦੇਸ਼ਾਂ ’ਚ ਫੈਲੀ ਮਹਿੰਗਾਈ ਨੂੰ ਰੋਕਣ ਦੇ ਯਤਨ ’ਚ ਮਾਰਚ 2022 ਤੋਂ 10 ਵਾਰ ਵਿਆਜ ਦਰਾਂ ’ਚ ਵਾਧਾ ਕੀਤਾ ਹੈ।
ਬੁੱਧਵਾਰ ਨੂੰ, ਕੇਂਦਰੀ ਬੈਂਕ ਨੇ ਇਹ ਐਲਾਨ ਕੀਤਾ ਸੀ ਕਿ ਉਸ ਵਲੋਂ ਇੱਕ ਕਮਜ਼ੋਰ ਆਰਥਿਕ ਵਿਵਸਥਾ ਨੂੰ ਵਧਾਉਣ ਦੇ ਸੰਕੇਤ ਦੇ ਰੂਪ ’ਚ ਪ੍ਰਮੁੱਖ ਵਿਆਜ ਦਰ ਪੰਜ ਫ਼ੀਸਦੀ ’ਤੇ ਬਰਕਰਾਰ ਰੱਖਿਆ ਜਾਵੇਗਾ। ਇਸੇ ਨੂੰ ਲੈ ਕੇ ਬਿ੍ਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੂੰ ਪੱਤਰ ਲਿਖਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਦੁਬਾਰਾ ਦਰਾਂ ਨਾ ਵਧਾਉਣ ਕਿਉਂਕਿ ਕੈਨੇਡੀਅਨ ਭੋਜਨ ਅਤੇ ਕਿਰਾਏ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ।
ਐਨਡੀਪੀ ਆਗੂ ਜਗਮੀਤ ਸਿੰਘ ਨੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਬੁੱਧਵਾਰ ਨੂੰ ਓਟਵਾ ’ਚ ਆਪਣੇ ਕਾਕਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਲਿਬਰਲਾਂ ਨੂੰ ਕੇਂਦਰੀ ਬੈਂਕ ਦੇ ਹੁਕਮਾਂ ’ਤੇ ਮੁੜ ਵਿਚਾਰ ਕਰਨ ਲਈ ਕਹਿਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਲੋਕਾਂ ਨੂੰ ਪਹਿਲੇ ਸਥਾਨ ’ਤੇ ਰੱਖਦੇ ਹਨ।
ਉਨ੍ਹਾਂ ਭੋਜਨ ਅਤੇ ਰਿਹਾਇਸ਼ ਦੀਆਂ ਵਧਦੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਚ ਵਿਆਜ ਦਰਾਂ ਕੈਨੇਡੀਅਨਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ, ‘‘ਇਹ ਜਸਟਿਨ ਟਰੂਡੋ ਲਈ ਸਮਾਂ ਹੈ, ਜਿਸ ਦੀ ਸਰਕਾਰ ਬੈਂਕ ਆਫ਼ ਕੈਨੇਡਾ ਲਈ ਆਦੇਸ਼ ਨਿਰਧਾਰਤ ਕਰਦੀ ਹੈ, ਤਾਂ ਕਿ ਉਹ ਸਪੱਸ਼ਟ ਤੌਰ ’ਤੇ ਇਹ ਸੰਦੇਸ਼ ਦੇ ਸਕਣ ਕਿ ਕਰਮਚਾਰੀਆਂ ਅਤੇ ਪਰਿਵਾਰਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਨੀਤੀਆਂ ਗਲਤ ਹਨ।’’
ਫੈਡਰਲ ਸਰਕਾਰ ਨਾਲ ਸਮਝੌਤੇ ਰਾਹੀਂ ਬੈਂਕ ਆਫ਼ ਕੈਨੇਡਾ ਦਾ ਹੁਕਮ ਹਰ ਪੰਜ ਸਾਲਾਂ ਬਾਅਦ ਨਵਿਆਇਆ ਜਾਂਦਾ ਹੈ। ਇਸ ਦਾ ਆਦੇਸ਼, ਜੋ ਆਖਰੀ ਵਾਰ 2021 ਦੇ ਅਖੀਰ ਵਿੱਚ ਨਵਿਆਇਆ ਗਿਆ ਸੀ, ਇਹ ਦੱਸਦਾ ਹੈ ਕਿ ਮੁਦਰਾ ਨੀਤੀ ਦਾ ਮੁੱਖ ਟੀਚਾ ਦੋ ਪ੍ਰਤੀਸ਼ਤ ਮਹਿੰਗਾਈ ਦੇ ਟੀਚੇ ਨੂੰ ਕਾਇਮ ਰੱਖਣਾ ਹੈ।