Quebec City- ਵੀਰਵਾਰ ਤੋਂ ਕਿਊਬੈਕ ਸਿਟੀ ’ਚ ਕੰਜ਼ਰਵੇਟਿਵ ਪਾਰਟੀ ਦੀ ਤਿੰਨ ਦਿਨਾਂ ਪਾਲਿਸੀ ਕਨਵੈਂਸ਼ਨ ਸ਼ੁਰੂ ਹੋ ਗਈ ਹੈ, ਜਿਹੜੀ ਕਿ ਉਨ੍ਹਾਂ ਵੋਟਰਾਂ ਨੂੰ ਲੁਭਾਉਣ ਲਈ ਦਾ ਇੱਕ ਖ਼ਾਸ ਮੌਕਾ ਹੈ, ਜਿਹੜੇ ਕਿ ਸੱਤਾਧਾਰੀ ਲਿਬਰਲਾਂ ਤੋਂ ਥੱਕੇ ਹੋਣ ਦਾ ਸੰਕੇਤ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਾਲਿਸੀ ਕਨਵੈਂਸ਼ਨ ਦੌਰਾਨ ਪਾਰਟੀ ਵੱਲੋਂ ਮੁੱਖ ਨੀਤੀਆਂ ਦਾ ਖ਼ਾਕਾ ਅਤੇ ਚੁਣਾਵੀ ਨੁਕਤਿਆਂ ਦਾ ਏਜੰਡਾ ਤਿਆਰ ਕੀਤਾ ਜਾਂਦਾ ਹੈ। ਕਨਵੈਂਸ਼ਨ ਨਾ ਸਿਰਫ਼ ਪਾਰਟੀ ਦੇ ਮੈਂਬਰਾਂ ਲਈ ਇਕੱਠੇ ਹੋਕੇ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਦੇ ਵਿਚਾਰ ਕਰਨ ਦਾ ਮੌਕਾ ਹੁੰਦੀ ਹੈ, ਸਗੋਂ ਇਹ ਵੋਟਰਾਂ ਨੂੰ ਲੁਭਾਉਣ ਦਾ ਵੀ ਇੱਕ ਜ਼ਰੀਆ ਹੁੰਦੀ ਹੈ।
ਹਾਲੀਆ ਓਪੀਨੀਅਨ ਪੋਲਜ਼ ਦਰਸਾਉਂਦੇ ਹਨ ਕਿ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਲੋਕਾਂ ਵਿਚ ਪਸੰਦੀਦਗੀ ਵਧੀ ਹੈ, ਅਤੇ ਜੇ ਹਾਲ ਹੀ ਵਿਚ ਚੋਣਾਂ ਕਰਵਾਈਆਂ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਬਹੁਮਤ ਦੀ ਸਰਕਾਰ ਬਣਾ ਸਕਦੀ ਹੈ। ਪੌਲੀਐਵ ਕਿਫ਼ਾਇਤੀਪਣ, ਮਹਿੰਗਾਈ ਅਤੇ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ’ਤੇ ਖ਼ਾਸਾ ਫ਼ੋਕਸ ਕਰ ਰਹੇ ਹਨ। ਪਰ ਕੁਝ ਪਾਰਟੀ ਮੈਂਬਰਾਂ ਦੇ ਮਨਾਂ ਵਿਚ ਹੋਰ ਮੁੱਦੇ ਵੀ ਹਨ।
ਕਨਵੈਂਸ਼ਨ ਵਿਚ ਵਿਚਾਰੇ ਜਾਣ ਵਾਲੇ ਪਾਲਿਸੀ ਪ੍ਰਸਤਾਵਾਂ ਦੀ ਸੂਚੀ ’ਚ ਮਹਿੰਗਾਈ ਨਾਲ ਨਜਿੱਠਣਾ, ਮੌਰਗੇਜ ਸ਼ਰਤਾਂ ਵਿਚ ਕੁਝ ਬਦਲਾਅ ਅਤੇ ਬਜ਼ੁਰਗਾਂ ਲਈ ਆਰ. ਆਰ. ਐੱਸ. ਪੀ. ਚੋਂ ਪੈਸੇ ਕਢਾਉਣ ਦੇ ਨਿਯਮਾਂ ਵਿਚ ਤਬਦੀਲੀ ਦਾ ਤਾਂ ਜ਼ਿਕਰ ਹੈ, ਪਰ ਕੁਝ ਹੋਰ ਪਹਿਲੂ ਵੀ ਕਨਵੈਂਸ਼ਨ ਵਿਚ ਵਿਚਾਰੇ ਜਾਣ ਲਈ ਪ੍ਰਸਤੁਤ ਕੀਤੇ ਗਏ ਹਨ।
ਇਨ੍ਹਾਂ ’ਚ ਟਰਾਂਸਜੈਂਡਰ ਸਬੰਧੀ ਨੀਤੀਆਂ, ਇੱਛਾ ਮੌਤ ਸੀਮਤ ਕਰਨਾ, ਜ਼ਬਰਦਸਤੀ ਦੀ ਡਾਇਵਰਸਿਟੀ ਸਿਖਲਾਈ ਖ਼ਤਮ ਕਰਨਾ, ਲਾਜ਼ਮੀ ਵੈਕਸੀਨ ਨੂੰ ਖ਼ਤਮ ਕਰਨਾ ਅਤੇ ਐਮਰਜੈਂਸੀ ਐਕਟ ਨੂੰ ਖ਼ਤਮ ਕਰਨ ਵਰਗੇ ਮੁੱਦੇ ਸ਼ਾਮਲ ਹਨ। ਕਨਵੈਂਸ਼ਨ ’ਚ ਵਿਚਾਰੀਆਂ ਜਾਣ ਲਈ ਇਨ੍ਹਾਂ ਨੀਤੀਆਂ ਨੂੰ ਪਾਰਟੀ ਦੇ ਜ਼ਮੀਨੀ ਪੱਧਰ ‘ਤੇ ਕੰਮ ਕਰਦੀ ਇਕਾਈਆਂ ਈ. ਏ. ਡੀ. ਐੱਸ. ਵਲੋਂ ਮਨਜ਼ੂਰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਨਵੀਆਂ ਨੀਤੀਆਂ ’ਤੇ ਅੰਤਿਮ ਵੋਟਿੰਗ ਤੋਂ ਪਹਿਲਾਂ ਹੋਰ ਬਹਿਸ ਵੀ ਹੋਵੇਗੀ।