ਬਰਸਾਤ ਕਾਰਣ ਸਕੂਲ ਕੀਤੇ ਬੰਦ, ਰੈੱਡ ਅਲਰਟ ਜਾਰੀ

ਡੈਸਕ- ਬਾਰਿਸ਼ ਨੇ ਉੱਤਰ ਪ੍ਰਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਹਾਲਾਤ ਨੂੰ ਵੇਖਦੇ ਹੋਏ ਕਈ ਜ਼ਿਲ੍ਹਿਆਂ ਵਿਚ ਅੱਜ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਲਖਨਾਊ ਵਿਚ ਕੱਲ੍ਹ ਵੀ ਸਕੂਲ ਬੰਦ ਰੱਖੇ ਗਏ ਸਨ। ਮੌਸਮ ਵਿਭਾਗ ਨੇ ਅੱਜ ਵੀ ਯੂਪੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ ਅਤੇ ਉੱਤਰ ਪੂਰਬ ਸਮੇਤ ਲਗਭਗ 15 ਰਾਜਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਖੇਤਰਾਂ ਵਿੱਚ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ। ਦੱਸਿਆ ਗਿਆ ਕਿ 15 ਸਤੰਬਰ ਤੱਕ ਯੂਪੀ ਵਿੱਚ ਭਾਰੀ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਦਿੱਲੀ-ਐਨਸੀਆਰ ਵਿੱਚ ਮੰਗਲਵਾਰ ਨੂੰ ਮੌਸਮ ਸੁਹਾਵਣਾ ਰਹੇਗਾ। ਇੱਥੇ ਹਲਕੀ ਬਾਰਿਸ਼ ਹੋ ਸਕਦੀ ਹੈ।

ਆਈਐਮਡੀ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਮੱਧ ਪ੍ਰਦੇਸ਼ ਅਤੇ ਆਸ-ਪਾਸ ਦੇ ਖੇਤਰ ਵਿੱਚ ਚੱਕਰਵਾਤੀ ਸਰਕੂਲੇਸ਼ਨ ਔਸਤ ਸਮੁੰਦਰ ਤਲ ਤੋਂ 7.6 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਪੱਛਮੀ ਗੜਬੜੀ ਅਤੇ ਪੂਰਬੀ ਹਵਾਵਾਂ ਦੀ ਟੱਕਰ ਕਾਰਨ ਉੱਤਰ ਪ੍ਰਦੇਸ਼ ਸਮੇਤ ਪੂਰਬੀ ਅਤੇ ਮੱਧ ਭਾਰਤ ਵਿੱਚ ਭਾਰੀ ਮੀਂਹ ਦੀ ਸਥਿਤੀ ਬਣੀ ਹੋਈ ਹੈ।ਯੂਪੀ ਦੀ ਰਾਜਧਾਨੀ ਲਖਨਊ ਵਿੱਚ ਕੱਲ੍ਹ 109 ਮਿਲੀਮੀਟਰ ਮੀਂਹ ਪਿਆ, ਜਿਸ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਸੀ। ਬਾਰਾਬੰਕੀ ਜ਼ਿਲ੍ਹੇ ਵਿੱਚ ਮਾਨਸੂਨ ਦੀ 346 ਮਿਲੀਮੀਟਰ ਤੱਕ ਬਾਰਿਸ਼ ਹੋਈ। ਮੰਗਲਵਾਰ ਨੂੰ ਵੀ ਯੂਪੀ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਬਿਹਾਰ, ਝਾਰਖੰਡ, ਤਾਮਿਲਨਾਡੂ ਅਤੇ ਅੰਦਰੂਨੀ ਕਰਨਾਟਕ ਸਮੇਤ ਪੱਛਮੀ ਮੱਧ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਹਲਕੀ ਬਾਰਿਸ਼ ਕਾਰਨ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।