Halifax- ਕੈਨੇਡੀਅਨ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਹਰੀਕੇਨ ‘ਲੀ’ ਹੁਣ ਕੈਨੇਡਾ ਦੇ ਸਮੁੰਦਰੀ ਸੂਬਿਆਂ ਅਤੇ ਮੇਨ ਸੂਬੇ ਵੱਲ ਆਪਣੇ ਅਨੁਮਾਨਿਤ ਉੱਤਰੀ ਰਸਤੇ ’ਤੇ ਹੈ। ਬੁੱਧਵਾਰ ਦੁਪਹਿਰ ਤਿੰਨ ਵਜੇ ਤੱਕ ਤੂਫਾਨ, ਬਰਮੂਡਾ ਦੇ ਦੱਖਣ-ਦੱਖਣ-ਪੱਛਮ ’ਚ ਲਗਭਗ 675 ਕਿਲੋਮੀਟਰ ਦੂਰ ਸੀ ਅਤੇ ਇਹ ਲਗਭਗ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਸੀ, ਜਿਸ ’ਚ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।
ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਇਹ ਤੂਫ਼ਾਨ ਕਾਫ਼ੀ ਵੱਡਾ ਹੈ ਅਤੇ ਜਿਵੇਂ-ਜਿਵੇਂ ਇਹ ਨੇੜੇ ਆਵੇਗਾ, ਇਸ ਦਾ ਆਕਾਰ ਹੋਰ ਵਧਣ ਦੀ ਉਮੀਦ ਹੈ। ਹਾਲਾਂਕਿ ਕੇਂਦਰ ਦਾ ਇਹ ਵੀ ਕਹਿਣਾ ਹੈ ਕਿ ਤੂਫ਼ਾਨ ਦੀ ਤੀਬਰਤਾ ਹਵਾਵਾਂ ਦੇ ਆਧਾਰ ’ਤੇ ਘਟੇਗੀ ਅਤੇ ਸ਼ਨੀਵਾਰ ਦੁਪਹਿਰ ਤੱਕ ਨੋਵਾ ਸਕੋਸ਼ੀਆ ਦੇ ਦੱਖਣੀ-ਪੱਛਮੀ ਸਿਰੇ ’ਤੇ ਯਰਮਾਊਥ ਦੇ ਪੱਛਮ ਤੋਂ ਲੰਘਣ ’ਤੇ ਤੂਫਾਨ ਦੀ ਸਥਿਤੀ ਆਮ ਹੋਣ ਦੀ ਉਮੀਦ ਹੈ।
‘ਲੀ’ ਦੇ ਸ਼੍ਰੇਣੀ 1 ਤੂਫਾਨ ਦੇ ਰੂਪ ’ਚ ਪਹੁੰਚਣ ਦੀ ਉਮੀਦ ਹੈ, ਜੋ ਪੂਰਬੀ ਮੇਨ ਜਾਂ ਦੱਖਣੀ ਨਿਊ ਬਰੰਸਵਿਕ ’ਚ ਲੈਂਡਫਾਲ ਕਰਨ ਮਗਰੋਂ ਟਰਾਪੀਕਲ ਤੂਫ਼ਾਨ ਬਣ ਜਾਵੇਗਾ। ਫਿਲਹਾਲ ਤੱਕ ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਅਤੇ ਕਿਊਬਕ ਦੇ ਕੁਝ ਹਿੱਸਿਆਂ ’ਚ ਇਸ ਤੂਫ਼ਾਨ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਤੂਫ਼ਾਨ ਦੇ ਚੱਲਦਿਆਂ ਇੱਥੇ ਆਉਣ ਵਾਲੇ ਦਿਨਾਂ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਹੈ।
ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਸਾਡਾ ਤਾਜ਼ਾ ਮੁਲਾਂਕਣ ਇਹ ਹੈ ਕਿ ਪੱਛਮੀ ਨੋਵਾ ਸਕੋਸ਼ੀਆ ਅਤੇ ਦੱਖਣੀ ਨਿਊ ਬਰੰਜ਼ਵਿਕ ’ਚ ਤੂਫ਼ਾਨ ਕਾਰਨ ਤੇਜ਼ ਹਵਾਵਾਂ ਵਗਣਗੀਆਂ, ਜਦੋਂਕਿ ਪੱਛਮੀ ਨਿਊ ਬਰੰਜ਼ਵਿਕ ਦੇ ਉੱਤਰ ’ਚ ਕਿਊਬਿਕ ਦੇ ਬਾਸ-ਸੈਂਟ-ਲਾਰੇਂਟ ਅਤੇ ਗੈਸਪੇਸੀ ਖੇਤਰਾਂ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਦਾ ਖ਼ਤਰਾ ਹੈ।