ਜਾਂਚ ਲਈ ਕੈਨੇਡਾ ਨੇ ਸਰਵੀਲਾਂਸ ’ਤੇ ਰੱਖੇ ਸਨ ਭਾਰਤੀ ਅਧਿਕਾਰੀ

Ottawa- ਕੈਨੇਡਾ ਅਤੇ ਭਾਰਤ ਵਿਚਾਲੇ ਲਗਾਤਾਰ ਵਧਦੇ ਤਣਾਅ ਵਿਚਾਲੇ ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ’ਚ ਇਹ ਗੱਲ ਆਖੀ ਗਈ ਹੈ ਕਿ ਕੈਨੇਡਾ ’ਚ ਮੌਜੂਦ ਭਾਰਤੀ ਡਿਪਲੋਮੈਟਾਂ ਸਮੇਤ ਭਾਰਤੀ ਅਧਿਕਾਰੀਆਂ ਨੂੰ ਸਰਵੀਲਾਂਸ ’ਤੇ ਰੱਖਿਆ ਗਿਆ ਸੀ, ਜਿਸ ’ਚ ਉਨ੍ਹਾਂ ਦੇ ਸੰਚਾਰ ਵੀ ਸ਼ਾਮਿਲ ਹਨ। ਕੈਨੇਡਾ ਸਰਕਾਰ ਨੇ ਇੱਕ ਮਹੀਨੇ ਦੀ ਜਾਂਚ ਦੌਰਾਨ ਖ਼ੁਫ਼ੀਆ ਜਾਣਕਾਰੀ ਇਕੱਠੀ ਕੀਤੀ ਸੀ।
ਰਿਪੋਰਟ ਮੁਤਾਬਕ ਕੁਝ ਹੋਰ ਖ਼ੁਫ਼ੀਆ ਜਾਣਕਾਰੀ ‘ਫਾਈਵ ਆਈਜ਼’ ਗਠਜੋੜ ਦੇ ਦੂਜੇ ਦੇਸ਼ਾਂ ਨੂੰ ਸਾਂਝੀ ਕੀਤੀ ਗਈ। ਇਸ ਸਮੂਹ ’ਚ ਕੈਨੇਡਾ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ, ਯੂ. ਕੇ. ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸ਼ਾਲਿਮ ਹਨ। ਰਿਪੋਰਟ ’ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕੈਨੇਡਾ ਦੇ ਕੌਮੀ ਸੁਰੱਖਿਆ ਅਤੇ ਖ਼ੁਫ਼ੀਆ ਸਲਾਹਕਾਰ ਜੋਡੀ ਥਾਮਸ ਨੇ ਅਗਸਤ ’ਚ ਚਾਰ ਦਿਨ ਅਤੇ ਸਤੰਬਰ ’ਚ ਪੰਜ ਦਿਨਾਂ ਲਈ ਭਾਰਤ ਦੀ ਯਾਤਰਾ ਕੀਤੀ ਸੀ। ਉਨ੍ਹਾਂ ਦੀ ਦੂਜੀ ਯਾਤਰਾ ਜੀ-20 ਨੇਤਾਵਾਂ ਦੇ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਦੇ ਨਾਲ ਹੋਈ ਸੀ।
ਕੈਨੇਡੀਆਈ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਬੰਦ ਦਰਵਾਜ਼ੇ ਪਿੱਛੇ ਦਬਾਅ ਪਾਇਆ ਗਿਆ ਤਾਂ ਕਿਸੇ ਵੀ ਭਾਰਤੀ ਅਧਿਕਾਰੀ ਨੇ ਇਸ ਮਾਮਲੇ ਦੇ ਮੂਲ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਕਿ ਕੈਨੇਡਾ ਦੀ ਧਰਤੀ ’ਤੇ ਇੱਕ ਕੈਨੇਡੀਆਈ ਨਾਗਰਿਕ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਸੁਝਾਅ ਦੇਣ ਲਈ ਸਬੂਤ ਹਨ।
ਟਰੂਡੋ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕਰਦਿਆਂ ਨਿਊਯਾਰਕ ’ਚ ਕਿਹਾ ਸੀ ਕਿ ਮੈਂ ਤੁਹਾਨੂੰ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਦੋਸ਼ਾਂ ਨੂੰ ਹਾਊਸ ਆਫ਼ ਕਾਮਨਜ਼ ਦੇ ਫਲੋਰ ’ਤੇ ਸਾਂਝਾ ਕਰਨ ਦਾ ਫ਼ੈਸਲਾ ਹਲਕੇ ’ਚ ਨਹੀਂ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬਹੁਤ ਗੰਭੀਰਤਾ ਨਾਲ ਲਿਆ ਗਿਆ ਸੀ। ਕੈਨੇਡੀਆਈ ਸਰਕਾਰ ਨੇ ਅਜੇ ਸਬੂਤ ਪੇਸ਼ ਨਹੀਂ ਕੀਤੇ ਹਨ ਅਤੇ ਸੁਝਾਅ ਦਿੱਤਾ ਕਿ ਇਹ ਕਾਨੂੰਨੀ ਪ੍ਰਕਿਰਿਆ ਦੌਰਾਨ ਸਾਹਮਣੇ ਆ ਸਕਦੇ ਹਨ।
ਹਾਲਾਂਕਿ ਨਿੱਝਰ ਹੱਤਿਆਕਾਂਡ ਨੇ ਭਾਰਤ ਦੇ ਨਾਲ ਕੈਨੇਡਾ ਦੇ ਰਿਸ਼ਤਿਆਂ ’ਚ ਜ਼ਹਿਰ ਘੋਲ ਦਿੱਤਾ ਹੈ। ਭਾਰਤ ਸਰਕਾਰ ਨੇ ਨਿੱਝਰ ਸਮੇਤ ਕਈ ਹੋਰ ਵੱਖਵਾਦੀਆਂ ਨੂੰ ਪਨਾਹ ਦੇਣ ਦੇ ਕੈਨੇਡਾ ਸਰਕਾਰ ’ਤੇ ਦੋਸ਼ ਲਾਏ ਹਨ। ਇਸ ਵਧਦੇ ਝਗੜੇ ਦੇ ਨਤੀਜੇ ਵਜੋਂ ਭਾਰਤ ਸਰਕਾਰ ਨੇ ਵੀਰਵਾਰ ਨੂੰ ਕੈਨੇਡਾ ਲਈ ਵਿਜ਼ੀਟਰ ਵੀਜ਼ੇ ਬੰਦ ਕਰ ਦਿੱਤਾ। ਉੱਧਰ ਓਟਾਵਾ ’ਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਜਬਾਵੀ ਕਾਰਵਾਈ ਕਰ ਰਿਹਾ ਹੈ ਪਰ ਅਜੇ ਤੱਕ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ। ਟਰੂਡੋ ਨੇ ਵੀ ਵੀਰਵਾਰ ਨੂੰ ਇਸ ਬਾਰੇ ਪੁੱਛੇ ਸਵਾਲ ਨੂੰ ਟਾਲ ਦਿੱਤਾ ਸੀ।