Ottawa- ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਯੂਨਿਟ ’ਚ ਤਾਇਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ’ਚ ਰੱਖੇ ਗਏ ਸੰਸਦੀ ਸਮਾਗਮ ’ਚ ਬੁਲਾਉਣ ‘ਤੇ ਛਿੜੇ ਵਿਵਾਦ ਮਗਰੋਂ ਹਾਊਸ ਸਪੀਕਰ ਐਂਥਨੀ ਰੋਟਾ ਸਪੀਕਰ ਐਂਟਨੀ ਰੋਟਾ ਨੇ ਹਾਊਸ ਆਫ਼ ਕਾਮਨਜ਼ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰੋਟਾ ਨੇ ਮੰਗਲਵਾਰ ਦੁਪਹਿਰ ਪਾਰਲੀਮੈਂਟ ਹਿੱਲ ’ਚ ਸਾਰੀਆਂ ਪਾਰਟੀਆਂ ਦੇ ਸਦਨ ਦੇ ਨੇਤਾਵਾਂ ਨਾਲ ਬੈਠਕ ਮਗਰੋਂ ਆਪਣੇ ਅਹੁਦੇ ਨੂੰ ਛੱਡਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ ’ਚ ਸੰਬੋਧਨ ਸੁਣਨ ਲਈ ਸਪੀਕਰ ਨੇ 98 ਸਾਲ ਦੇ ਯੈਰੋਸਲੈਵ ਹੁੰਕਾ ਨੂੰ ਵੀ ਸੱਦਾ ਦਿੱਤਾ ਸੀ। ਹੁੰਕਾ ਇਕ ਯੂਕਰੇਨੀ ਕੈਨੇਡੀਅਨ ਹੈ ਅਤੇ ਉਹ ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਸੈਨਿਕ ਵਜੋਂ ਨਾਜ਼ੀਆਂ ਨਾਲ ਜੁੜੇ ਯੂਨਿਟ ’ਚ ਤੈਨਾਤ ਸੀ।
ਅਸਤੀਫ਼ੇ ਦੇ ਐਲਾਨ ਮਗਰੋਂ ਰੋਟਾ ਨੇ ਕਿਹਾ ਕਿ ਸਦਨ ਦਾ ਕੰਮ ਸਾਰਿਆਂ ਤੋਂ ਉੱਪਰ ਹੈ। ਇਸ ਲਈ ਮੈਨੂੰ ਆਪਣੇ ਸਪੀਕਰ ਦੇ ਅਹੁਦੇ ਤੋਂ ਹਟ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੌਕੇ ਆਪਣੇ ਗ਼ਲਤੀ ਲਈ ਫਿਰ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਨਵੇਂ ਸਪੀਕਰ ਦੀ ਚੋਣ ਦੀ ਤਿਆਰੀ ਲਈ ਰੋਟਾ ਦੀ ਰਵਾਨਗੀ ਬੁੱਧਵਾਰ ਨੂੰ ਬੈਠਕ ਦੇ ਦਿਨ ਦੀ ਸਮਾਪਤੀ ਤੋਂ ਪ੍ਰਭਾਵੀ ਹੋਵੇਗੀ। ਇਸ ਦੌਰਾਨ ਡਿਪਟੀ ਸਪੀਕਰ ਸਦਨ ਦੀ ਕਾਰਵਾਈ ਦੀ ਪ੍ਰਧਾਨਗੀ ਕਰਨ ਦੀ ਜ਼ਿੰਮੇਵਾਰੀ ਸਾਂਝੀ ਕਰਨਗੇ। ਰੋਟਾ ਦੇ ਅਸਤੀਫ਼ੇ ਦੇ ਫ਼ੈਸਲੇ ਦਾ ਸਦਨ ’ਚ ਸੰਸਦ ਮੈਂਬਰਾਂ ਵਲੋਂ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ।
ਮੰਗਲਵਾਰ ਸਵੇਰੇ ਸੀਨੀਅਰ ਲਿਬਰਲ ਕੈਬਨਿਟ ਮੰਤਰੀ ਅਤੇ ਕੰਜ਼ਰਵੇਟਿਵ ਨੇਤਾ ਪਿਅਰੇ ਪੋਲੀਐਵ ਐੱਨ. ਡੀ. ਪੀ. ਅਤੇ ਬਲਾਕ ਕਿਊਬੇਕੋਇਸ ’ਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਰੋਟਾ ਨੇ ਆਪਣੇ ਅਹੁਦੇ ’ਤੇ ਬਣੇ ਰਹਿਣ ਲਈ ਲੋੜੀਂਦਾ ਆਤਮ ਵਿਸ਼ਵਾਸ ਗੁਆ ਲਿਆ ਹੈ, ਜਿਸ ਦਾ ਵਰਣਨ ਉਨ੍ਹਾਂ ਨੇ ਡੂੰਘੀ ਨਮੋਸ਼ੀ ਦੇ ਰੂਪ ’ਚ ਕੀਤਾ। ਵਿਦੇਸ਼ ਮੰਤਰੀ ਮੈਲਾਨੀ ਜੋਲੀ ਸੰਸਦ ਦੀ ਉਹ ਪਹਿਲੀ ਕੈਬਨਿਟ ਮੰਤਰੀ ਸੀ, ਜਿਨ੍ਹਾਂ ਨੇ ਜਨਤਕ ਤੌਰ ’ਤੇ ਰੋਟਾ ਨੂੰ ਸਦਨ ਦੇ ਮੈਂਬਰਾਂ ਦੀ ਗੱਲ ਸੁਣਨ ਅਤੇ ਅਹੁਦਾ ਛੱਡਣ ਦੀ ਅਪੀਲਕੀਤੀ ਸੀ। ਜੋਲੀ ਨੇ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਜੋ ਕੁਝ ਵੀ ਹੋਇਆ ਸੀ, ਉਹ ਪੂਰੀ ਅਸਵੀਕਾਰਨਯੋਗ ਹੈ। ਇਹ ਸਦਨ ਅਤੇ ਕੈਨੇਡੀਅਨਾਂ ਲਈ ਸ਼ਰਮਿੰਦਗੀ ਵਾਲੀ ਗੱਲ ਸੀ।