Victoria- ਮੰਗਲਵਾਰ ਸਵੇਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ਨੇੜੇ ਇੱਕ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਜਹਾਜ਼ ਨਿੱਜੀ ਮਲਕੀਅਤ ਵਾਲਾ ਚਾਰਟਡ ਉਡਾਣ ’ਤੇ ਸੀ ਅਤੇ ਮੰਗਲਵਾਰ ਸਵੇਰੇ ਕਰੀਬ 8 ਵਜੇ ਇਹ ਪ੍ਰਿੰਸ ਜਾਰਜ ਤੋਂ ਲਗਭਗ 50 ਕਿਲੋਮੀਟਰ ਪੂਰਬ ’ਚ ਪਰਡਨ ਸਕੀ ਹਿੱਲ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਸਿਹਤ ਸੇਵਾਵਾਂ ਮੁਤਾਬਕ 6 ਐਂਬੂਲੈਂਸਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ ਅਤੇ ਪੈਰਾਮੈਡਿਕਸ ਨੇ ਮੌਕੇ ’ਤੇ ਮੁੱਡਲੀ ਸਹਾਇਤਾ ਦੇਣ ਮਗਰੋਂ ਚਾਰ ਲੋਕਾਂ ਨੂੰ ਹਸਪਤਾਲ ’ਚ ਪਹੁੰਚਾਇਆ।
ਹਾਦਸੇ ਮਗਰੋਂ ਪ੍ਰਿੰਸ ਜਾਰਜ ਆਰ. ਸੀ. ਐੱਮ. ਪੀ. ਦੇ ਜੈਨੀਫਰ ਕੂਪਰ ਨੇ ਇੱਕ ਬਿਆਨ ’ਚ ਕਿਹਾ ਕਿ ਬਦਕਿਸਮਤੀ ਨਾਲ ਦੋ ਲੋਕ ਜਿੰਦਾ ਨਹੀਂ ਬਚ ਸਕੇ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੁਰੱਖਿਆ ਬੋਰਡ ਨੇ ਕਿਹਾ ਕਿ ਜਾਂਚਕਰਤਾਵਾਂ ਦੀ ਇੱਕ ਟੀਮ ਨੂੰ ਮੌਕੇ ’ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭੇਜਿਆ ਗਿਆ ਹੈ। ਫੈਡਰਲ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਇਹ ਹੈਲੀਕਾਪਟਰ ਬੈੱਲ 206L ਹੈਲੀਕਾਪਟਰ ਸੀ। ਇਸ ਹੈਲੀਕਾਪਟਰ ’ਚ ਪਾਇਲਟ ਸਣੇ ਸੱਤ ਲੋਕ ਸਵਾਰ ਹੋ ਸਕਦੇ ਹਨ।