ਸਟੈਟਿਸਟਿਕਸ ਕੈਨੇਡਾ ਵਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2023 ਦੌਰਾਨ ਕੈਨੇਡਾ ਦੀ ਆਬਾਦੀ ਦਰ 70 ਸਾਲਾਂ ਦੇ ਸਭ ਤੋਂ ਉਤਲੇ ਪੱਧਰ ‘ਤੇ ਦਰਜ ਕੀਤੀ ਗਈ ਹੈ ਅਤੇ ਅਲਬਰਟਾ ਸੂਬੇ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਆਬਾਦੀ ਦੇ ਤਾਜ਼ਾ ਅਨੁਮਾਨਾਂ ਅਨੁਸਾਰ, ਜੁਲਾਈ 2022 ਤੋਂ ਜੁਲਾਈ 2023 ਦੇ ਦਰਮਿਆਨ, ਕੈਨੇਡਾ ਦੀ ਆਬਾਦੀ ਵਿਚ 1.15 ਮਿਲੀਅਨ ਦਾ ਵਾਧਾ ਹੋਇਆ ਹੈ। ਇਸ ਵਾਧੇ ਨੇ ਕੈਨੇਡਾ ਨੂੰ ਅਬਾਦੀ ਪੱਖੋਂ ਜੀ-7 ਦੇਸ਼ਾਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੁਲਕ ਵਜੋਂ ਬਰਕਰਾਰ ਰੱਖਿਆ ਹੈ। ਕੈਨੇਡਾ ਦੀ ਆਬਾਦੀ ਵਿਕਾਸ ਦਰ 2.9 % ਦਰਜ ਹੋਈ। ਕੈਨੇਡਾ ਵਿਚ ਆਬਾਦੀ ਦੀ ਮੌਜੂਦਾ ਵਿਕਾਸ ਦਰ 1957 ਦੀ 3.3% ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ।
ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਮੁਤਾਬਕ ਇਸ ਵਾਧੇ ਦਾ ਕਰੀਬ 98% ਹਿੱਸਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 1 ਜੁਲਾਈ, 2023 ਤੱਕ ਅਨੁਮਾਨਿਤ 2,198,679 ਗ਼ੈਰ-ਸਥਾਈ ਨਿਵਾਸੀ ਕੈਨੇਡਾ ’ਚ ਰਹਿੰਦੇ ਸਨ, ਜਿਹੜਾ ਕਿ ਇੱਕ ਸਾਲ ਪਹਿਲਾਂ ਦੀ ਇਸੇ ਤਰੀਕ ਤੋਂ 46 ਫ਼ੀਸਦੀ ਦਾ ਵਾਧਾ ਹੈ।
ਅੰਕੜੇ ਦਰਸਾਉਂਦੇ ਹਨ ਕਿ ਜੁਲਾਈ 2022 ਤੋਂ, ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਲਗਭਗ 700,000 ਵੱਧ ਕੇ 2.2 ਮਿਲੀਅਨ ਹੋ ਗਈ ਹੈ ਅਤੇ ਪ੍ਰਵਾਸੀਆਂ ਦੀ ਗਿਣਤੀ ’ਚ 468,817 ਦਾ ਵਾਧਾ ਹੋਇਆ ਹੈ।
ਸੀਆਈਬੀਸੀ ਕੈਪਿਟਲ ਮਾਰਕੀਟਸ ਨੇ ਅਗਸਤ ਮਹੀਨੇ ਇੱਕ ਰਿਪੋਰਟ ਛਾਪੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ’ਚ ਪਰਮਾਨੈਂਟ ਰੈਜ਼ੀਡੈਂਟਸ ਦੀ ਅਸਲ ਗਿਣਤੀ ਕਰੀਬ 1 ਮਿਲੀਅਨ ਘੱਟ ਅਨੁਮਾਨੀ ਗਈ ਹੋ ਸਕਦੀ ਹੈ। ਇਸੇ ਕਰਕੇ ਸਟੈਟਿਸਟਿਕਸ ਕੈਨੇਡਾ ਨੇ ਕਿਸਮ ਅਤੇ ਸੂਬੇ ਦੇ ਹਿਸਾਬ ਨਾਲ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦਾ ਨਵਾਂ ਡਾਟਾ ਤਿਆਰ ਕੀਤਾ ਹੈ।