ਨਵੀਂ ਦਿੱਲੀ: ਏਸ਼ਿਆਈ ਖੇਡਾਂ ਦੇ ਸੱਤਵੇਂ ਦਿਨ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਇੱਕ ਹੋਰ ਸਿਲਵਰ ਦਾ ਤਗ਼ਮਾ ਮਿਲਿਆ ਹੈ। 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਟੀਮ ਮੁਕਾਬਲੇ ਵਿੱਚ ਸਰਬਜੋਤ ਸਿੰਘ ਅਤੇ ਦਿਵਿਆ ਟੀਐਸ ਦੀ ਭਾਰਤੀ ਜੋੜੀ ਫਾਈਨਲ ਵਿੱਚ ਚੀਨੀ ਨਿਸ਼ਾਨੇਬਾਜ਼ਾਂ ਨੂੰ ਪਛਾੜ ਨਹੀਂ ਸਕੀ ਅਤੇ ਉਸ ਨੂੰ ਸਿਲਵਰ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਚੀਨ ਅਤੇ ਭਾਰਤ ਦੇ ਨਿਸ਼ਾਨੇਬਾਜ਼ਾਂ ਵਿਚਾਲੇ ਫਾਈਨਲ ਵਿੱਚ ਸਖ਼ਤ ਮੁਕਾਬਲਾ ਹੋਇਆ। ਸਰਬਜੋਤ ਨੂੰ ਚੀਨ ਨਾਲ ਮੈਚ ਕਰਨ ਲਈ ਆਖਰੀ ਸ਼ਾਟ ਵਿੱਚ 10.5 ਅੰਕਾਂ ਦੀ ਲੋੜ ਸੀ ਪਰ ਉਹ ਸਿਰਫ਼ 9.9 ਅੰਕ ਹੀ ਬਣਾ ਸਕਿਆ ਅਤੇ ਇਸ ਤਰ੍ਹਾਂ ਚੀਨ ਨੇ 16-14 ਦੇ ਫਰਕ ਨਾਲ ਸੋਨ ਤਗ਼ਮਾ ਜਿੱਤ ਲਿਆ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ 8ਵਾਂ ਸਿਲਵਰ ਦਾ ਤਗਮਾ ਹੈ।
ਸਰਬਜੋਤ ਨੇ ਸਿਲਵਰ ਮੈਡਲ ਜਿੱਤ ਕੇ ਆਪਣੇ ਜਨਮ ਦਿਨ ਦੇ ਮੌਕੇ ‘ਤੇ ਦੇਸ਼ ਨੂੰ ਤੋਹਫਾ ਦਿੱਤਾ ਹੈ। ਤਗਮੇ ਦੀ ਰਸਮ ਤੋਂ ਬਾਅਦ ਪ੍ਰਬੰਧਕਾਂ ਨੇ ਸਰਬਜੋਤ ਦੇ ਜਨਮ ਦਿਨ ਮੌਕੇ ਗੀਤ ਵੀ ਸੁਣਾਇਆ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ 6 ਸੋਨ, 8 ਸਿਲਵਰ ਅਤੇ 5 ਕਾਂਸੀ ਸਮੇਤ ਕੁੱਲ 19 ਤਗਮੇ ਜਿੱਤੇ ਹਨ। ਹੁਣ ਤੱਕ ਭਾਰਤ ਦੇ ਖਾਤੇ ‘ਚ ਕੁੱਲ 34 ਮੈਡਲ ਆ ਚੁੱਕੇ ਹਨ।
ਸ਼ਨੀਵਾਰ ਨੂੰ ਹੀ ਦੋ ਮੈਚਾਂ ‘ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਸ਼ਾਮ ਨੂੰ ਪੁਰਸ਼ ਹਾਕੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਪੁਰਸ਼ਾਂ ਦੇ ਸਕੁਐਸ਼ ਮੁਕਾਬਲੇ ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤਣ ਲਈ ਭਿੜਨਗੇ।