ਕੈਨੇਡਾ ਦੇ ਛੇ ਸੂਬਿਆਂ ’ਚ ਵਧਿਆ minimum wage

Ottawa- ਕੈਨੇਡਾ ’ਚ ਲਗਾਤਾਰ ਵੱਧ ਰਹੀ ਮਹਿੰਗਾਈ ਵਿਚਾਲੇ ਐਤਵਾਰ ਭਾਵ ਕਿ 1 ਅਕਤੂਬਰ ਤੋਂ ਛੇ ਸੂਬਿਆਂ ’ਚ ਘੱਟੋ-ਘੱਟ ਵੇਤਨ ਮੁੱਲ ’ਚ ਵਾਧਾ ਹੋਇਆ ਹੈ। ਇਸ ਵਾਧੇ ਨਾਲ ਓਨਟਾਰੀਓ ’ਚ ਘੱਟੋ-ਘੱਟ ਪੇਅ ਰੇਟ 16.55 ਡਾਲਰ ਪ੍ਰਤੀ ਘੰਟਾ, ਮੈਨੀਟੋਬਾ ’ਚ 15.30 ਡਾਲਰ ਪ੍ਰਤੀ ਘੰਟਾ ਹੋ ਗਿਆ ਹੈ। ਉੱਥੇ ਹੀ ਨੋਵਾ ਸਕੋਸ਼ੀਆ, ਪੀ.ਈ.ਆਈ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ’ਚ ਘੱਟੋ-ਘੱਟ ਵੇਤਨ ਮੁੱਲ ਵੱਧ ਕੇ 15 ਡਾਲਰ ਪ੍ਰਤੀ ਘੰਟਾ ਹੋ ਗਿਆ ਹੈ। ਹਾਲਾਂਕਿ ਬੀ.ਸੀ., ਅਲਬਰਟਾ, ਕਿਊਬਿਕ, ਨਿਊ ਬਰੰਜ਼ਵਿਕ ’ਚ ਮਜ਼ਦੂਰੀ ਦਰਾਂ ’ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ।
ਸਸਕੈਚਵਨ ’ਚ ਘੱਟੋ-ਘੱਟ ਉਜਰਤ ਵੀ ਅੱਜ ਵਧ ਕੇ 14 ਡਾਲਰ ਹੋ ਗਈ ਹੈ ਪਰ ਅਜੇ ਵੀ ਇਹ ਦੇਸ਼ ’ਚ ਸਭ ਤੋਂ ਘੱਟ ਹੈ। ਬਹੁਤ ਸਾਰੇ ਆਲੋਚਕਾਂ ਨੇ ਵੇਤਨ ਮੁੱਲ ’ਚ ਇਸ ਵਾਧੇ ਦਾ ਸੁਆਗਤ ਕੀਤਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਲੋਕਾਂ ਦੇ ਗੁਜ਼ਾਰੇ ’ਚ ਮਦਦ ਕਰਨ ਲਈ ਅਜੇ ਵੀ ਇਹ ਪੂਰਾ ਨਹੀਂ ਹੈ।
ਓਨਟਾਰੀਓ ਲਿਵਿੰਗ ਵੇਜ ਨੈੱਟਵਰਕ ਦੇ ਸੰਚਾਰ ਕੋਆਰਡੀਨੇਟਰ, ਕ੍ਰੈਗ ਪਿਕਥੋਰਨ ਨੇ ਕਿਹਾ, ‘‘ਸਾਡੀ ਲਿਵਿੰਗ ਵੇਜ ਅਸਲ ’ਚ 23 ਡਾਲਰ ਅਤੇ 15 ਸੈਂਟ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਘੱਟੋ-ਘੱਟ ਉਜਰਤ ’ਤੇ ਪੂਰਾ ਸਮਾਂ ਕੰਮ ਕਰ ਰਹੇ ਹੋ, ਇਸ ਵਾਧੇ ਤੋਂ ਬਾਅਦ ਵੀ, ਤੁਸੀਂ’ ਪ੍ਰਤੀ ਹਫ਼ਤਾ ਅਜੇ ਵੀ 230 ਡਾਲਰ ਤੋਂ ਘੱਟ ਹੋ।
ਇਹ ਵਾਧਾ ਓਨਟਾਰੀਓ ’ਚ ਘੱਟੋ-ਘੱਟ ਉਜਰਤ ਕਮਾਉਣ ਵਾਲੇ ਅਤੇ ਹਫ਼ਤੇ ’ਚ 40 ਘੰਟੇ ਕੰਮ ਕਰਨ ਵਾਲੇ ਵਿਅਕਤੀ ਲਈ 2,200 ਡਾਲਰ ਦੇ ਸਾਲਾਨਾ ਵਾਧੇ ਨੂੰ ਦਰਸਾਉਂਦਾ ਹੈ।
ਮੈਨੀਟੋਬਾ ’ਚ ਮਿਨੀਮਮ ਪੇਅ ਰੇਟ 1.15 ਡਾਲਰ ਪ੍ਰਤੀ ਘੰਟਾ ਵੱਧ ਗਿਆ ਹੈ ਅਤੇ ਇਹ ਹੁਣ ਸਿਰਫ਼ ਓਨਟਾਰੀਓ ਅਤੇ ਬੀ.ਸੀ. ਤੋਂ ਪਿੱਛੇ ਹੈ। ਕੈਨੇਡਾ ’ਚ ਸਭ ਤੋਂ ਜ਼ਿਆਦਾ ਮਿਨੀਮਮ ਪੇਅ ਰੇਟ ਯੂਕੋਨ ’ਚ ਹੈ, ਜਿੱਥੇ ਕਾਮਿਆਂ ਨੂੰ 16.77 ਡਾਲਰ ਪ੍ਰਤੀ ਘੰਟਾ ਮਿਲਦਾ ਹੈ, ਇਸ ਤੋਂ ਬਾਅਦ ਬੀ.ਸੀ. ਹੈ, ਜਿੱਥੇ ਕਿ ਘੱਟੋ-ਘੱਟ ਵੇਤਨ ਮੁੱਲ 16.75 ਡਾਲਰ ਪ੍ਰਤੀ ਘੰਟਾ ਹੈ।
ਹਾਲਾਂਕਿ ਕੁਝ ਨੀਤੀ ਵਿਸ਼ਲੇਸ਼ਕਾਂ ਨੇ ਇਸ ਵਾਧੇ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਮਜ਼ਦੂਰ ਵਰਗ, ਜਿਸ ਲਈ ਇਸ ਮਹਿੰਗਾਈ ਦੇ ਸਮੇਂ ’ਚ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਸੀ, ਨੂੰ ਫ਼ਾਇਦਾ ਹੋਵੇਗਾ। ਇੱਥੇ ਹੀ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਉਜਰਤ ਵਿੱਚ ਵਾਧਾ ਛੋਟੇ ਕਾਰੋਬਾਰੀਆਂ ਲਈ ਚੁਣੌਤੀਆਂ ਪੈਦਾ ਕਰ ਸਕਦਾ ਹੈ ਜੋ ਆਪਣੇ ਸਟਾਫ ਨੂੰ ਭੁਗਤਾਨ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਭਵਿੱਖਬਾਣੀ ਇਸ ਨਾਲ ਕੁਝ ਨੌਕਰੀਆਂ ’ਚ ਕਟੌਤੀ ਵੀ ਕੀਤੀ ਜਾ ਸਕਦੀ ਹੈ।