Toronto- ਓਨਟਾਰੀਓ ਦੇ ਵਸਨੀਕ ਜੋ ਛੇ ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਨ, ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਫਲੂ ਦੇ ਮੁਫਤ ਸ਼ਾਟ ਅਤੇ ਨਵੀਂ ਕੋਵਿਡ-19 ਵੈਕਸੀਨ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਸਿਹਤ ਮੰਤਰੀ ਸਿਲਵੀਆ ਜੋਨਸ ਨੇ ਐਤਵਾਰ ਨੂੰ ਟੀਕਾਕਰਨ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਰਦੀਆਂ ਦੇ ਸੀਜ਼ਨ ਦੌਰਾਨ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਆਪਣੇ ਟੀਕਾਕਰਣ ’ਤੇ ਅਪਡੇਟ ਰਹਿਣ, ਕਿਉਂਕਿ ਇਸ ਮੌਸਮ ’ਚ ਸਾਹ ਦੀਆਂ ਬਿਮਾਰੀਆਂ ਆਮ ਤੌਰ ’ਤੇ ਕਾਫ਼ੀ ਵੱਧਦੀਆਂ ਹਨ।
ਜੋਨਸ ਨੇ ਇੱਕ ਬਿਆਨ ’ਚ ਕਿਹਾ ਕਿ ਕੋਵਿਡ-19 ਵੈਕਸੀਨ ਅਤੇ ਫਲੂ ਦਾ ਟੀਕਾ ਲਗਵਾਉਣਾ ਲੋਕਾਂ ਵਲੋਂ ਆਪਣੇ ਆਪ ਨੂੰ, ਆਪਣੇ ਅਜ਼ੀਜ਼ਾਂ ਤੇ ਆਪਣੇ ਭਾਈਚਾਰੇ ਨੂੰ ਸਿਹਤਮੰਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਓਨਟਾਰੀਓ ਵਾਸੀਆਂ ਨੂੰ ਬਿਨਾਂ ਕਿਸੇ ਕੀਮਤ ਦੇ, ਘਰ ਦੇ ਨੇੜੇ ਸੁਵਿਧਾਜਨਕ ਸਥਾਨਾਂ ’ਤੇ ਉਪਲਬਧ ਕੋਵਿਡ-19 ਟੀਕੇ ਅਤੇ ਫਲੂ ਦੇ ਮੁਹੱਈਆ ਕਰਾਏ ਜਾ ਸਕਣ।
ਓਨਟਾਰੀਓ ਸਰਕਾਰ ਨੇ ਕਿਹਾ ਕਿ ਫਲੂ ਦੇ ਸ਼ਾਟ ਅਤੇ ਅਪਡੇਟਡ ਕੋਵਿਡ-19 ਟੀਕੇ ਪੂਰੇ ਸੂਬੇ ’ਚ ਸਥਾਨਕ ਫਾਰਮੇਸੀਆਂ, ਜਨਤਕ ਸਿਹਤ ਯੂਨਿਟਾਂ ਅਤੇ ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ’ਤੇ ਉਪਲਬਧ ਹੋਣਗੇ।
ਓਨਟਾਰੀਓ ਦੇ ਮੁੱਖ ਮੈਡੀਕਲ ਅਫ਼ਸਰ ਡਾ. ਕੀਰਨ ਮੂਰ ਨੇ ਵੀ ਓਨਟਾਰੀਓ ਨਿਵਾਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਟੀਕਿਆਂ ਬਾਰੇ ਅੱਪ-ਟੂ-ਡੇਟ ਹਨ। ਮੂਰ ਨੇ ਕਿਹਾ ਕਿ ਪਤਝੜ ਅਤੇ ਸਰਦੀਆਂ ’ਚ ਇਨਫਲੂਐਂਜ਼ਾ, ਕੋਵਿਡ-19 ਅਤੇ ਆਰਐਸਵੀ ਦੇ ਸੰਭਾਵਿਤ ਸਹਿ-ਸਰਕੂਲੇਸ਼ਨ ਦੇ ਚੱਲਦਿਆਂ ਮੈਂ ਓਨਟਾਰੀਓ ਵਾਸੀਆਂ ਨੂੰ ਆਪਣੀ ਕੋਵਿਡ-19 ਵੈਕਸੀਨ ਅਤੇ ਫਲੂ ਦੇ ਟੀਕੇ ਜਿੰਨੀ ਜਲਦੀ ਹੋ ਸਕੇ ਲੈਣ ਲਈ ਉਤਸ਼ਾਹਿਤ ਕਰਦਾ ਹਾਂ।
ਦੱਸ ਦਈਏ ਕਿ ਫਾਈਜ਼ਰ ਅਤੇ ਮੋਡਰਨਾ ਦੀਆਂ ਨਵੀਆਂ ਕੋਵਿਡ-19 ਵੈਕਸੀਨਾਂ ਨੂੰ ਇਸ ਪਤਝੜ ਦੇ ਸ਼ੁਰੂ ’ਚ ਹੀ ਹੈਲਥ ਕੈਨੇਡਾ ਵਲੋਂ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਨ੍ਹਾਂ ਨੂੰ ਕੋਰੋਨਾ ਦੇ ਨਵੇਂ ਵੈਰੀਐਂਟ XBB ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੀ ਗਿਆ ਹੈ।