Moscow- ਰੂਸ ਦੀ ਅਨਾਜ ਨਿਰਯਾਤ ਕੰਪਨੀ ‘ਫੂਡ ਐਕਸਪੋਰਟ ਟਰੇਡ ਐਲਐਲਸੀ’ (ਐਫਈਟੀ) ਨੇ ਚੀਨ ਨਾਲ ਇੱਕ ਮਹੱਤਵਪੂਰਨ ਵਪਾਰਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ ਉਹ ਅਗਲੇ 12 ਸਾਲਾਂ ਦੌਰਾਨ ਚੀਨ ਨੂੰ 26 ਬਿਲੀਅਨ ਡਾਲਰ ਮੁੱਲ ਦਾ 7 ਕਰੋੜ ਟਨ ਅਨਾਜ, ਦਾਲਾਂ ਅਤੇ ਤੇਲ ਬੀਜਾਂ ਦਾ ਨਿਰਯਾਤ ਕਰੇਗਾ।
ਇਹ ਸਮਝੌਤਾ ਕੈਨੇਡਾ ਲਈ ਬਹੁਤ ਨੁਕਸਾਨਦੇਹ ਸਾਬਤ ਹੋਣ ਵਾਲਾ ਹੈ, ਕਿਉਂਕਿ ਹੁਣ ਤੱਕ ਚੀਨ ਕੈਨੇਡਾ ਤੋਂ ਵੱਡੀ ਮਾਤਰਾ ’ਚ ਕਣਕ, ਮਟਰ ਅਤੇ ਕੈਨੋਲਾ ਦਰਾਮਦ ਕਰ ਰਿਹਾ ਸੀ। ਰੂਸ ਕਣਕ, ਮਟਰ ਅਤੇ ਸੂਰਜਮੁਖੀ ਦਾ ਭਾਰੀ ਉਤਪਾਦਨ ਕਰਦਾ ਹੈ ਅਤੇ ਚੀਨ ਦੀ ਮੰਗ ਨੂੰ ਕਾਫੀ ਹੱਦ ਤੱਕ ਪੂਰਾ ਕਰਨ ਦੇ ਸਮਰੱਥ ਹੈ।
ਭਾਰਤ ਨਾਲ ਵਿਗੜਦੇ ਸਬੰਧਾਂ ਤੋਂ ਬਾਅਦ ਕੈਨੇਡੀਅਨ ਦਾਲ ਨਿਰਯਾਤਕ ਕਾਰੋਬਾਰ ਪਹਿਲਾਂ ਹੀ ਮੁਸੀਬਤ ’ਚ ਹੈ। ਜੇਕਰ ਚੀਨ ਦੇ ਮਟਰਾਂ ਦੇ ਨਿਰਯਾਤ ’ਚ ਵਿਘਨ ਪੈਂਦਾ ਹੈ ਤਾਂ ਕੈਨੇਡੀਅਨ ਉਤਪਾਦਕਾਂ ਅਤੇ ਨਿਰਯਾਤਕਾਂ ਲਈ ਮੁਸ਼ਕਲਾਂ ਕਾਫ਼ੀ ਵੱਧ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਚੀਨ ਕੈਨੇਡੀਅਨ ਮਟਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਮਾਹਰਾਂ ਮੁਤਾਬਕ ਕਿਉਂਕਿ ਇਹ ਲੰਮੇ ਸਮੇਂ ਦਾ ਸਮਝੌਤਾ ਹੈ, ਇਸ ਲਈ ਕੈਨੇਡਾ ਇਸ ਦਾ ਅਸਰ ਲੰਮੇ ਸਮੇਂ ਤੱਕ ਮਹਿਸੂਸ ਕਰੇਗਾ। ਰੂਸੀ ਖੇਤੀ ਉਤਪਾਦ ਬਹੁਤ ਸਸਤੇ ਹਨ ਅਤੇ ਕੈਨੇਡੀਅਨ ਬਰਾਮਦਕਾਰਾਂ ਨੂੰ ਇਸ ਦੀ ਚੁਣੌਤੀ ਨੂੰ ਪੂਰਾ ਕਰਨ ’ਚ ਬਹੁਤ ਮੁਸ਼ਕਲ ਹੋਵੇਗੀ।
ਇਸ ਤੋਂ ਪਹਿਲਾਂ ਰੂਸ ਦੀ ਫੈਟ ਅਤੇ ਚੀਨੀ ਟਰੇਡ ਕਾਰਪੋਰੇਸ਼ਨ ਵਿਚਾਲੇ ਹੋਏ ਸਮਝੌਤੇ ਤਹਿਤ ਰੂਸ ਤੋਂ ਚੀਨ ਨੂੰ 10 ਕਰੋੜ ਟਨ ਖੇਤੀ ਉਤਪਾਦਾਂ ਦੀ ਸਪਲਾਈ ਕੀਤੀ ਗਈ ਸੀ। ਰੂਸੀ ਕੰਪਨੀ ਫੇਟ ਦਾ ਕਾਰੋਬਾਰ ਦਾ ਘੇਰਾ ਕਾਫੀ ਚੌੜਾ ਹੈ ਅਤੇ ਇਸ ਲਈ ਕੈਨੇਡਾ ਦੇ ਨਾਲ-ਨਾਲ ਅਮਰੀਕਾ ਵੀ ਇਸ ਸਮਝੌਤੇ ਤੋਂ ਪਰੇਸ਼ਾਨ ਹੈ। ਫੇਟ ਕੋਲ ਪ੍ਰਤੀ ਸਾਲ 80 ਲੱਖ ਟਨ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਦੀ ਸਮਰੱਥਾ ਹੈ।