ਡੈਸਕ- ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਸ਼ਵ ਕੱਪ ਦੇ 33ਵੇਂ ਮੈਚ ਵਿਚ ਆਹਮੋ-ਸਾਹਮਣੇ ਹੋਣਗੀਆਂ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤੀ ਟੀਮ ਦੀ ਨਜ਼ਰ ਟੂਰਨਾਮੈਂਟ ਵਿਚ 7ਵੀਂ ਜਿੱਤ ‘ਤੇ ਹੋਵੇਗੀ। ਅਫਗਾਨਿਸਤਾਨ ਖਿਲਾਫ ਪਿਛਲੇ ਮੈਚ ਵਿਚ ਹਾਰਨ ਵਾਲੀ ਸ਼੍ਰੀਲੰਕਾਈ ਟੀਮ ਵਾਪਸੀ ਕਰਨਾ ਚਾਹੇਗੀ। ਇਸ ਲਈ ਇਹ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ ਹੋਵੇਗਾ। ਜੇਕਰ ਸ਼੍ਰਲੰਕਾ ਨੂੰ ਹਾਰ ਮਿਲਦੀ ਹੈ ਤਾਂ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ।
ਭਾਰਤ ਦਾ ਸਫਰ ਇਸ ਵਿਸ਼ਵ ਕੱਪ ਵਿਚ ਸ਼ਾਨਦਾਰ ਰਿਹਾ ਹੈ। ਉਸ ਨੇ ਆਪਣੇ ਸਾਰੇ 6 ਮੈਚ ਜਿੱਤੇ ਹਨ ਤੇ ਉਸ ਦੇ ਖਾਤੇ ਵਿਚ 12 ਅੰਕ ਹਨ। ਟੀਮ ਇੰਡੀਆ ਜਿੱਤ ਦੀ ਇਸ ਲੜੀ ਨੂੰ ਅੱਗੇ ਵਧਾਉਣ ਲਈ ਉੁਤਰੇਗੀ। ਉਸ ਨੇ ਆਸਟ੍ਰੇਲੀਆ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ ਤੇ ਇੰਗਲੈਂਡ ਨੂੰ ਹਰਾਇਆ ਹੈ।
ਸ਼੍ਰੀਲੰਕਾ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ 6 ਮੈਚਾਂ ਵਿਚੋਂ 2 ਵਿਚ ਜਿੱਤ ਹਾਸਲ ਕੀਤੀ ਹੈ। ਉੁਸ ਨੇ ਨੀਦਰਲੈਂਡ ਤੇ ਇੰਗਲੈਂਡ ਨੂੰ ਹਰਾਇਆ ਹੈ। ਦੂਜੇ ਪਾਸੇ ਦੱਖਣੀ ਅਫਰੀਕਾ, ਪਾਕਿਸਤਾਨ, ਆਸਟ੍ਰੇਲੀਆ ਤੇ ਅਫਗਾਨਿਸਤਾਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਦੇ ਸਟਾਰ ਆਲ ਰਾਊਂਡਰ ਹਾਰਦਿਕ ਪਾਂਡੇਯ 12 ਨਵੰਬਰ ਨੂੰ ਨੀਦਰਲੈਂਡ ਖਿਲਾਫ ਬੰਗਲੌਰ ਵਿਚ ਟੀਮ ਦੇ ਆਖਰੀ ਲੀਚ ਮੈਚ ਤੋਂ ਪਹਿਲਾਂ ਵਾਪਸੀ ਨਹੀਂ ਕਰ ਸਕਣਗੇ। ਪਾਂਡੇਯ ਨੂੰ 19 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਮੈਚ ਵਿਚ ਆਪਣੀ ਹੀ ਗੇਂਦਬਾਜ਼ੀ ‘ਤੇ ਸੱਟ ਲੱਗੀ ਸੀ। ਉਹ ਨਿਊਜ਼ੀਲੈਂਡ ਤੇ ਇੰਗਲੈਂਡ ਖਿਲਾਫ ਨਹੀਂ ਖੇਡ ਸਕੇ ਤੇ ਵੀਰਵਾਰ ਨੂੰ ਸ਼੍ਰੀਲੰਕਾ ਤੇ 5 ਨਵੰਬਰ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ ਵਿਚ ਵੀ ਨਹੀਂ ਖੇਡ ਸਕਣਗੇ।
ਪਾਂਡੇਯ ਦੀ ਕਮੀ ਨੂੰ ਪੂਰਾ ਕਰਨ ਲਈ ਟੀਮ ਵਿਚ 6ਵੇਂ ਨੰਬਰ ‘ਤੇ ਉਨ੍ਹਾਂ ਦੀ ਜਗ੍ਹਾ ਸੂਰਯਕੁਮਾਰ ਯਾਦਵ ਨੂੰ ਉਤਾਰਿਆ ਗਿਆ ਹੈ ਜਦੋਂ ਕਿ 5 ਗੇਂਦਬਾਜ਼ ਖੇਡ ਰਹੇ ਹਨ। ਮੁਹੰਮਦ ਸ਼ੰਮੀ ਦੇ ਸ਼ਾਨਦਾਰ ਪਰਫਾਰਮ ਨੂੰ ਦੇਖਦੇ ਹੋਏ ਟੀਮ ਨੂੰ ਬਤੌਰ ਗੇਂਦਬਾਜ਼ ਪਾਂਡੇਯ ਦੀ ਕਮੀ ਨਹੀਂ ਸਤਾ ਰਹੀ ਪਰ ਟੀਮ ਦੇ ਸੰਤੁਲਨ ਲਈ ਉਨ੍ਹਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਹਾਰਦਿਕ ਦੀ ਗੈਰ-ਮੌਜੂਦਗੀ ਵਿਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਮੌਕਾ ਦਿੱਤਾ ਗਿਆ ਜਿਨ੍ਹਾਂ ਨੇ 2 ਮੈਚਾਂ ਵਿਚ 9 ਵਿਕਟਾਂ ਲਈਆਂ। ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਦਾ ਸਬੂਤ ਦਿੱਤਾ। ਉੁਨ੍ਹਾਂ ਦੇ ਰਹਿਣ ਨਾਲ ਸ਼ਾਰਦੂਲ ਠਾਕੁਰ ਨੂੰ ਮੌਕਾ ਮਿਲਣਾ ਮੁਸ਼ਕਲ ਹੈ। ਸ਼ੰਮੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਿਰਾਜ ਦੇ ਉਪਰ ਵੀ ਬੇਹਤਰ ਦਬਾਅ ਰਹੇਗਾ।