Toronto- ਓਨਟਾਰੀਓ ਦੇ ਕਈ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਮਗਰੋਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵਲੋਂ ਖ਼ਾਲੀ ਕਰਾਇਆ ਗਿਆ। ਪੁਲਿਸ ਮੁਤਾਬਕ ਬੁੱਧਵਾਰ ਦੁਪਹਿਰ ਕਰੀਬ 2.30 ਤੱਕ ਕਿਪਲਿੰਗ ਕਾਲਜੀਏਟ ਇੰਸਟੀਚਿਊਟ, ਲੇਕਸ਼ੋਰ ਕਾਲਜੀਏਟ ਇੰਸਟੀਚਿਊਟ, ਅਤੇ ਵੈਸਟਰਨ ਟੈਕਨੀਕਲ-ਕਮਰਸ਼ੀਅਲ ਸਕੂਲ ਨੂੰ ਖ਼ਾਲੀ ਕਰਾਇਆ ਗਿਆ ਅਤੇ ਵਿਦਿਆਰਥੀਆਂ ਛੁੱਟੀ ਤੋਂ ਪਹਿਲਾਂ ਹੀ ਘਰ ਭੇਜ ਦਿੱਤਾ ਗਿਆ।
ਓਪੀਪੀ ਨੇ ਆਖਿਆ ਕਿ ਕਈ ਸਕੂਲ ਤੇ ਹੋਰ ਫੈਸਿਲਿਟੀਜ਼ ਨੂੰ ਨਕਦੀ ਦੀ ਮੰਗ ਲਈ ਨਿਸ਼ਾਨਾ ਬਣਾਇਆ ਗਿਆ। ਸਾਰੇ ਅਦਾਰਿਆਂ ਦੀ ਛਾਣਬੀਣ ਕਰਨ ਤੋਂ ਬਾਅਦ ਬੁੱਧਵਾਰ ਸ਼ਾਮੀਂ ਕਰੀਬ 5 ਵਜੇ ਪੁਲਿਸ ਨੇ ਇੱਕ ਅਪਡੇਟ ’ਚ ਦੱਸਿਆ ਕਿ ਸਕੂਲਾਂ ’ਚ ਕੁਝ ਨਹੀਂ ਮਿਲਿਆ।
ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਟੋਰਾਂਟੋ ਪੁਲਿਸ ਨੇ ਆਖਿਆ ਕਿ ਅਜੇ ਇਹ ਆਖਣਾ ਜਲਦਬਾਜ਼ੀ ਹੋਵੇਗੀ ਕਿ ਇਹ ਧਮਕੀਆਂ ਓਪੀਪੀ ਦੀ ਜਾਂਚ ਨਾਲ ਸਬੰਧਤ ਹਨ। ਹਾਲਟਨ ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਧਮਕੀ ਮਿਲਣ ਤੋਂ ਬਾਅਦ ਨੈਲਸਨ ਹਾਈ ਸਕੂਲ, ਬਰਲਿੰਗਟਨ ਨੂੰ ਵੀ ਖਾਲੀ ਕਰਵਾ ਲਿਆ ਗਿਆ। ਲੋਕਲ ਅਧਿਕਾਰੀਆਂ ਤੋਂ ਇਲਾਵਾ ਓਪੀਪੀ ਦੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੂੰ ਵੀ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।