Toronto- ਓਨਟਾਰੀਓ ਦੇ ਅੱਧੀ ਦਰਜਨ ਹਸਪਤਾਲਾਂ ਅਤੇ ਸਿਹਤ ਸੇਵਾ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰੈਨਸਮਵੇਅਰ ਹਮਲੇ ਦੌਰਾਨ ਚੋਰੀ ਕੀਤੇ ਗਏ ਡਾਟੇ ਨੂੰ ਆਨਲਾਈਨ ਪ੍ਰਕਾਸ਼ਿਤ ਕੀਤਾ ਗਿਆ ਹੈ। ਓਨਟਾਰੀਓ ਦੇ ਹਸਪਤਾਲਾਂ ਵਲੋਂ ਜਾਣਕਾਰੀ ਦਿੱਤੀ ਗਈ ਹੈ।
ਹਸਪਤਾਲਾਂ ਨੇ ਵੀਰਵਾਰ ਨੂੰ ਇੱਕ ਬਿਆਨ ’ਚ ਦੱਸਿਆ, ‘‘ਸਾਨੂੰ ਪਤਾ ਲੱਗਿਆ ਹੈ ਕਿ ਸਾਈਬਰ ਘਟਨਾ ਨਾਲ ਜੁੜਿਆ ਡਾਟਾ ਪ੍ਰਕਾਸ਼ਿਤ ਕੀਤਾ ਗਿਆ ਹੈ। ਅਸੀਂ ਇਸਦੀ ਸਮੱਗਰੀ ਨਿਰਧਾਰਤ ਕਰਨ ਲਈ ਡਾਟੇ ਦੀ ਸਮੀਖਿਆ ਕਰ ਰਹੇ ਹਾਂ। ਪ੍ਰਮੁੱਖ ਸਾਈਬਰ ਸੁਰੱਖਿਆ ਮਾਹਰਾਂ ਦੇ ਨਾਲ ਕੰਮ ਕਰਦੇ ਹੋਏ, ਅਸੀਂ ਪ੍ਰਭਾਵਿਤ ਸਹੀ ਡਾਟੇ ਦਾ ਪਤਾ ਲਗਾਉਣ ਲਈ ਜਾਂਚ ਕਰਨਾ ਜਾਰੀ ਰੱਖ ਰਹੇ ਹਾਂ।’’
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬਲੂਵਾਟਰ ਹੈਲਥ, ਚੈਥਮ-ਕੈਂਟ ਹੈਲਥ ਅਲਾਇੰਸ, ਏਰੀ ਸ਼ੌਰਸ ਹੈਲਥਕੇਅਰ, ਹੋਟਲ-ਡਿਉ ਗ੍ਰੇਸ ਹੈਲਥਕੇਅਰ ਅਤੇ ਵਿੰਡਸਰ ਰੀਜਨਲ ਹਸਪਤਾਲ, ਅਤੇ ਉਨ੍ਹਾਂ ਦੇ ਸਾਂਝੇ ਸੇਵਾ ਪ੍ਰਦਾਤਾ, ਟਰਾਂਸਫਾਰਮ ਸ਼ੇਅਰਡ ਸਰਵਿਸ ਆਰਗੇਨਾਈਜ਼ੇਸ਼ਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇੱਕ ਸਾਈਬਰ ਸੁਰੱਖਿਆ ਘਟਨਾ ’ਚ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਸੁਵਿਧਾਵਾਂ ਨੇ ਦੱਸਿਆ ਕਿ ਰੈਨਸਮਵੇਅਰ ਹਮਲੇ ਨੇ ਉਨ੍ਹਾਂ ਦੇ ਓਪਰੇਸ਼ਨਾਂ ਨੂੰ ਪ੍ਰਭਾਵਿਤ ਕੀਤਾ ਹੈ। ਵੀਰਵਾਰ ਨੂੰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਹੜਾ ਡਾਟਾ ਕਿੱਥੇ ਪ੍ਰਕਾਸ਼ਿਤ ਕੀਤਾ ਗਿਆ ਸੀ।
ਇੱਕ ਸੰਯੁਕਤ ਬਿਆਨ ’ਚ, ਹਸਪਤਾਲਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਦਾ ਡਾਟਾ ਪ੍ਰਭਾਵਿਤ ਹੋਇਆ ਹੈ, ਉਸ ਨੂੰ ਸੂਚਿਤ ਕੀਤਾ ਜਾਵੇਗਾ। ਇਸ ਨੂੰ ਲੈ ਕੇ ਹਸਪਤਾਲ ਸਥਾਨਕ ਪੁਲਿਸ, ਓਪੀਪੀ, ਇੰਟਰਪੋਲ ਅਤੇ ਐਫਬੀਆਈ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਇਸ ਹਮਲੇ ਤੋਂ ਬਾਅਦ ਪ੍ਰਭਾਵਿਤ ਹਸਪਤਾਲਾਂ ਦੀਆਂ ਸੇਵਾਵਾਂ ਅਜੇ ਵੀ ਪ੍ਰਭਾਵਿਤ ਹੋ ਰਹੀਆਂ ਹਨ, ਅਤੇ ਸੁਵਿਧਾਵਾਂ ਉਨ੍ਹਾਂ ਮਰੀਜ਼ਾਂ ਨੂੰ ਸੂਚਿਤ ਕਰਨ ਲਈ ਵੀ ਕੰਮ ਕਰ ਰਹੀਆਂ ਹਨ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਨੂੰ ਮੁੜ ਤਹਿ ਕਰਨ ਦੀ ਲੋੜ ਹੈ।