Ottawa- ਭਾਰਤ ਨਾਲ ਆਪਣੇ ਕੂਟਨੀਤਕ ਤਣਾਅ ਨੂੰ ਲੈ ਕੇ ਸੁਰਖੀਆਂ ’ਚ ਰਹਿਣ ਵਾਲੇ ਕੈਨੇਡਾ ਦਾ ਹੁਣ ਚੀਨ ਨਾਲ ਪੰਗਾ ਪੈ ਗਿਆ ਹੈ। ਚੀਨ ਅਤੇ ਕੈਨੇਡਾ ਨੇ ਇਕ ਦੂਜੇ ’ਤੇ ਕੌਮਾਂਤਰੀ ਸਮੁੰਦਰੀ ਸੀਮਾਵਾਂ ਦੀ ਉਲੰਘਣਾ ਕਰਨ ਅਤੇ ਬੇਲੋੜੇ ਫੌਜੀ ਟਕਰਾਅ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ।
ਮਾਮਲਾ ਦੱਖਣੀ ਚੀਨ ਸਾਗਰ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਲੈ ਕੇ ਚੀਨ ਜ਼ਿਆਦਾ ਸੰਵੇਦਨਸ਼ੀਲ ਰਿਹਾ ਹੈ। ਚੀਨ ਇਸ ਵੱਡੇ ਸਮੁੰਦਰੀ ਖੇਤਰ ’ਤੇ ਆਪਣਾ ਦਾਅਵਾ ਕਰਦਾ ਹੈ, ਜਦਕਿ ਖੇਤਰ ਦੇ ਕਈ ਹੋਰ ਦੇਸ਼ ਇਸ ਦੇ ਦਾਅਵੇ ਨੂੰ ਚੁਣੌਤੀ ਦਿੰਦੇ ਹਨ।
ਕੈਨੇਡਾ ਨੇ ਚੀਨ ਦੇ ਲੜਾਕੂ ਜਹਾਜ਼ਾਂ ’ਤੇ ਦੱਖਣੀ ਚੀਨ ਸਾਗਰ ਤੋਂ ਲੰਘਣ ਵਾਲੇ ਉਸ ਦੇ ਹੈਲੀਕਾਪਟਰ ਨੂੰ ਖ਼ਤਰੇ ’ਚ ਪਾਉਣ ਦਾ ਦੋਸ਼ ਲਗਾਇਆ ਹੈ। ਉੱਥੇ ਹੀ ਚੀਨ ਦਾ ਕਹਿਣਾ ਹੈ ਕਿ ਕੈਨੇਡੀਅਨ ਹੈਲੀਕਾਪਟਰ ਕੁਝ ਅਣਜਾਣ ਕਾਰਨਾਂ ਕਰਕੇ ਉਸ ਦੇ ਟਾਪੂਆਂ ਵੱਲ ਉੱਡਿਆ ਸੀ।
ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਹੈ ਕਿ ਚੀਨੀ ਲੜਾਕੂ ਜਹਾਜ਼ਾਂ ਨੇ ਦੱਖਣੀ ਚੀਨ ਸਾਗਰ ’ਚ ਕੌਮਾਂਤਰੀ ਸਮੁੰਦਰੀ ਸੀਮਾ ’ਤੇ ਉੱਡਦੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਖਤਰੇ ’ਚ ਪਾ ਦਿੱਤਾ ਸੀ।
ਬਲੇਅਰ ਨੇ ਇੱਕ ਬਿਆਨ ’ਚ ਆਖਿਆ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਨੇ ਕੈਨੇਡੀਅਨ ਹੈਲੀਕਾਪਟਰ ਦੇ ਬਿਲਕੁਲ ਨੇੜੇ ਆ ਕੇ ਅਤੇ ਇਸ ’ਤੇ ਫਾਇਰਿੰਗ ਕਰਕੇ ਚਾਲਕ ਦਲ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾ ਦਿੱਤਾ ਸੀ। ਬਲੇਅਰ ਨੇ ਕਿਹਾ ਕਿ ਚੀਨੀ ਜੈੱਟ ਪਿਛਲੇ ਐਤਵਾਰ ਨੂੰ ਸਿੱਧੇ ਹੈਲੀਕਾਪਟਰ ਦੇ ਉੱਪਰੋਂ ਲੰਘ ਗਏ, ਜਿਸ ਕਾਰਨ ਇਹ ਹਿੱਲ ਗਿਆ। ਬਾਅਦ ’ਚ ਇੱਕ ਹੋਰ ਜੈੱਟ ਨੇ ਹੈਲੀਕਾਪਟਰ ਦੇ ਸਾਹਮਣੇ ਅੱਗ ਦੀਆਂ ਲਪਟਾਂ ਉਡਾ ਦਿੱਤੀਆਂ, ਜਿਸ ਤੋਂ ਬਚਣ ਲਈ ਇਸਨੂੰ ਅਚਾਨਕ ਆਪਣਾ ਰਸਤਾ ਬਦਲਣਾ ਪਿਆ। ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਹਰ ਕਿਸੇ ਨੂੰ ਬੇਲੋੜੇ ਖਤਰੇ ’ਚ ਪਾ ਦਿੱਤਾ ਗਿਆ। ਚੀਨ ਦੇ ਲੜਾਕੂ ਜਹਾਜ਼ਾਂ ਦੀਆਂ ਇਹ ਕਾਰਵਾਈਆਂ ਬਹੁਤ ਅਸੁਰੱਖਿਅਤ ਹਨ।’’
ਉੱਧਰ ਚੀਨ ਨੇ ਬਲੇਅਰ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿਹਾ ਕੈਨੇਡੀਅਨ ਹੈਲੀਕਾਪਟਰ ਨੇ ਕੁਝ ਗੁਪਤ ਇਰਾਦਿਆਂ ਦੇ ਤਹਿਤ ਬਦਨੀਤੀ ਨਾਲ ਅਤੇ ਭੜਕਾਊ ਵਾਲਾ ਕੰਮ ਕੀਤਾ ਸੀ। ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਝਾਂਗ ਸ਼ਾਓਗਾਂਗ ਨੇ ਕੈਨੇਡਾ ਦੇ ਜੰਗੀ ਬੇੜੇ ਦੇ ਨਾਂ ਦਾ ਹਵਾਲਾ ਦਿੰਦੇ ਹੋਏ ਆਨਲਾਈਨ ਜਾਰੀ ਇਕ ਬਿਆਨ ’ਚ ਕਿਹਾ, ‘‘ਹਾਲ ਹੀ ’ਚ ਕੈਨੇਡਾ ਦੇ ਐਚ.ਐਮ.ਸੀ.ਐਸ. ਓਟਾਵਾ ਤੋਂ ਉਡਾਣ ਭਰਨ ਵਾਲੇ ਇਕ ਹੈਲੀਕਾਪਟਰ ਨੇ ਕੁਝ ਅਣਪਛਾਤੇ ਇਰਾਦਿਆਂ ਕਾਰਨ ਚੀਨ ਦੇ ਜਿਸ਼ਾ ਟਾਪੂਆਂ ਵੱਲ ਜਾਣ ਲਈ ਛੋਟੀਆਂ ਉਡਾਣਾਂ ਭਰੀਆਂ।’’
ਉਨ੍ਹਾਂ ਕਿਹਾ, ‘‘ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਨੇਵੀ ਅਤੇ ਏਅਰ ਫੋਰਸ ਨੂੰ ਆਪਣੇ ਕਾਨੂੰਨਾਂ ਤਹਿਤ ਜਾਂਚ ਕਰਨ ਲਈ ਕਿਹਾ ਅਤੇ ਕਈ ਚੇਤਾਵਨੀਆਂ ਵੀ ਦਿੱਤੀਆਂ ਪਰ ਕੈਨੇਡੀਅਨ ਹੈਲੀਕਾਪਟਰ ਨੇ ਨਾ ਸਿਰਫ਼ ਜਵਾਬ ਦਿੱਤਾ ਸਗੋਂ ਬਹੁਤ ਘੱਟ ਉਚਾਈ ’ਤੇ ਉਡਾਣ ਭਰ ਕੇ ਭੜਕਾਹਟ ਦਾ ਕੰਮ ਵੀ ਕੀਤਾ।’’
ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਵੀ ਕੈਨੇਡਾ ’ਤੇ ਇਸ ਘਟਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਕਾਰਵਾਈਆਂ ਚੀਨ ਦੇ ਘਰੇਲੂ ਕਾਨੂੰਨਾਂ ਅਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਹਨ ਅਤੇ ਚੀਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਖਤਰੇ ’ਚ ਪਾਉਂਦੀਆਂ ਹਨ। ਅਸੀਂ ਕੈਨੇਡਾ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਹਵਾਈ ਸੈਨਾ ਅਤੇ ਸਮੁੰਦਰ ਵਿਚਲੀਆਂ ਗਤੀਵਿਧੀਆਂ ਨੂੰ ਕੰਟਰੋਲ ਕਰੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।”