Burnaby- ਵੀਰਵਾਰ ਸਵੇਰੇ ਬੀ. ਸੀ. ਦੇ ਬਰਨਬੀ, ’ਚ ਸਕੂਲੀ ਵਿਦਿਆਰਥੀਆਂ ਨੂੰ ਲਿਜਾ ਰਹੀ ਇੱਕ ਬੱਸ ਦੇ ਘਰ ਨਾਲ ਟਕਰਾਉਣ ਕਾਰਨ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਬੀ. ਸੀ. ਐਮਰਜੈਂਸੀ ਸਰਵਿਸਿਜ਼ ਨੇ ਇੱਕ ਈਮੇਲ ’ਚ ਕਿਹਾ ਕਿ ਛੇ ਐਂਬੂਲੈਂਸਾਂ, ਇੱਕ ਸੁਪਰਵਾਈਜ਼ਰ, ਅਤੇ ਇੱਕ ਲਿੰਕ ਅਤੇ ਰੈਫਰਲ ਯੂਨਿਟ ਨੂੰ ਸਵੇਰੇ 7:55 ਵਜੇ ਕੈਨੇਡਾ ਵੇਅ ’ਤੇ 16ਵੇਂ ਐਵੇਨਿਊ ਦੇ ਨੇੜੇ ਸੱਦਿਆ ਗਿਆ।
ਬੀਸੀਈਐਚਐਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੈਰਾਮੈਡਿਕਸ ਨੇ 11 ਮਰੀਜ਼ਾਂ ਦੀ ਦੇਖਭਾਲ ਕੀਤੀ ਅਤੇ ਸਥਿਰ ਹਾਲਤ ’ਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਬਰਨਬੀ ਆਰਸੀਐਮਪੀ ਦੇ ਬੁਲਾਰੇ ਮਾਈਕ ਕਲੰਜ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੀੜਤਾਂ ਨੂੰ ਇਲਾਜ ਲਈ ਇੱਕ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਕਲੰਜ ਨੇ ਕਿਹਾ ਕਿ ਦਿਨ ਦੇ ਸਮੇਂ ਅਤੇ ਹਾਦਸੇ ਦੀ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਦਾ ਮੰਨਣਾ ਹੈ ਕਿ ਬੱਚੇ ਉਸ ਸਮੇਂ ਸਕੂਲ ਜਾ ਰਹੇ ਸਨ।
ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਹਾਦਸੇ ’ਚ ਇੱਕ ਹੋਰ ਵਾਹਨ ਵੀ ਸ਼ਾਮਿਲ ਸੀ, ਜਿਸ ਦੇ ਚਾਲਕ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਕਾਲੰਜ ਨੇ ਅੱਗੇ ਕਿਹਾ, ਪੁਲਿਸ ਇਹ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਕਿ ਕੀ ਹਾਦਸੇ ਵੇਲੇ ਕੋਈ ਮਕੈਨੀਕਲ ਸਮੱਸਿਆ, ਮਨੁੱਖੀ ਗਲਤੀ ਜਾਂ ਗਤੀ ਨੇ ਕੋਈ ਭੂਮਿਕਾ ਨਿਭਾਈ ਹੈ।
ਮਕਾਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਸਟਰਕਚਰਲ ਇੰਜੀਨੀਅਰ ਨੂੰ ਬੁਲਾਇਆ ਗਿਆ ਸੀ। ਕਾਲੰਜ ਨੇ ਕਿਹਾ, ਹਾਦਸੇ ਦੌਰਾਨ ਘਰ ਰਹਿਣ ਵਾਲਾ ਵਿਅਕਤੀ ਘਰ ਵਿੱਚ ਨਹੀਂ ਸੀ ਅਤੇ ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿਉਂਕਿ ਉਹ ਸੰਭਾਵਤ ਤੌਰ ’ਤੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਸਕਦੇ ਸਨ।