ਡੈਸਕ- ਪੰਜਾਬ ਨੂੰ ਅਜੇ ਅਗਲੇ ਕੁਝ ਦਿਨਾਂ ਤੱਕ ਠੰਡ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਵੀ ਚੱਲੇਗੀ।
ਅੱਜ ਪੰਜਾਬ ਦੇ ਸਾਰੇ 24 ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿਚ ਧੁੰਦ ਦਾ ਅਸਰ ਰਹੇਗਾ ਤੇ ਨਾਲ ਹੀ ਸੀਤ ਲਹਿਰ ਕਾਰਨ ਦਿਨ ਦਾ ਤਾਪਮਾਨ ਵੀ ਠਿਠੁਰਨ ਵਾਲਾ ਰਹੇਗਾ। ਅੱਜ ਵੀ ਧੁੱਪ ਘੱਟ ਨਿਕਲਣ ਤੇ ਤਾਪਮਾਨ ਸਾਧਾਰਨ ਤੋਂ 7 ਤੋਂ 8 ਡਿਗਰੀ ਤੱਕ ਘੱਟ ਰਹਿਣ ਦਾ ਅਨੁਮਾਨ ਹੈ। ਬੀਤੇ ਦਿਨੀਂ ਵੀ ਧੁੱਪ ਨਹੀਂ ਨਿਕਲੀ ਤੇ ਘੱਟੋ-ਘੱਟ ਤਾਪਮਾਨ ਵਿਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਚਾਰ ਡਿਗਰੀ ਦੇ ਨਾਲ ਬਠਿੰਡਾ ਸਭ ਤੋਂ ਠੰਡਾ ਰਿਹਾ ਦੂਜੇ ਪਾਸੇ ਲੁਧਿਆਣਾ ਵਿਚ ਠੰਡ ਦਾ ਪਿਛਲੇ 54 ਸਾਲ ਦਾ ਰਿਕਾਰਡ ਟੁੱਟ ਗਿਆ। ਮੌਸਮ ਵਿਭਾਗ ਮੁਤਾਬਕ ਲੁਧਿਆਣਾ ਵਿਚ 22 ਜਨਵਰੀ ਵਾਲਾ ਦਿਨ 54 ਸਾਲਾਂ ਵਿਚ ਪਹਿਲੀ ਵਾਰ ਸਭ ਤੋਂ ਠੰਡਾ ਰਿਹਾ।
ਸੋਮਵਾਰ ਨੂੰ ਦਿਨ ਦਾ ਅਧਿਕਤਮ ਤਾਪਮਾਨ 9.4 ਡਿਗਰੀ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ, ਲੁਧਿਆਣੇ ਦਾ 5.6 ਡਿਗਰੀ, ਪਟਿਆਲੇ ਦਾ 5.8, ਪਠਾਨਕੋਟ ਦਾ 7.7 ਫਰੀਦਕੋਟ ਦਾ 5.0, ਐੱਸਬੀਐੱਸ ਨਗਰ ਦਾ 5.0 ਤੇ ਗੁਰਦਾਸਪੁਰ ਦਾ 4.5 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਵਿਚ ਵੀ 21 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਫਰੀਦਾਬਾਦ ਤੇ ਪਾਨੀਪਤ ਦੋ ਅਜਿਹੇ ਜ਼ਿਲ੍ਹੇ ਹਨ ਜਿਥੇ ਯੈਲੋ ਅਲਰਟ ਹੈ। ਸੂਰਜ ਘੱਟ ਨਿਕਲਣ ਦੇ ਆਸਾਰ ਹਨ ਤੇ ਦਿਨ ਜ਼ਿਆਦਾ ਠੰਡਾ ਰਹਿ ਸਕਦਾ ਹੈ। ਸਵੇਰ ਦੇ ਸਮੇਂ ਧੁੰਦ ਦਾ ਅਸਰ ਵੀ ਰਹਿ ਸਕਦਾ ਹੈ।