ਡੈਸਕ- ਲੰਡਨ ‘ਚ 33 ਸਾਲਾ ਭਾਰਤੀ ਵਿਦਿਆਰਥਣ ਚੇਇਸਤਾ ਕੋਚਰ ਨੂੰ ਪਿਛਲੇ ਹਫਤੇ ਸਾਈਕਲ ‘ਤੇ ਘਰ ਪਰਤਦੇ ਸਮੇਂ ਇਕ ਟਰੱਕ ਨੇ ਕੁਚਲ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਵਿਦਿਆਰਥਣ ਨੇ ਪਹਿਲਾਂ ਪਬਲਿਕ ਪਾਲਿਸੀ ਥਿੰਕ ਟੈਂਕ ਨੀਤੀ ਆਯੋਗ ਨਾਲ ਕੰਮ ਕੀਤਾ ਹੈ। ਉਹ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੀਐਚਡੀ ਕਰ ਰਹੀ ਸੀ।
ਨੀਤੀ ਆਯੋਗ ਦੇ ਸਾਬਕਾ ਸੀਈਓ ਅਮਿਤਾਭ ਕਾਂਤ ਨੇ ਇਕ ਪੋਸਟ ਵਿਚ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ ਚੇਇਸਤਾ ਕੋਚਰ ਨੇ ਮੇਰੇ ਨਾਲ ਪ੍ਰੋਗਰਾਮ #LIFE ਵਿਚ ਕੰਮ ਕੀਤਾ ਹੈ। ਲੰਡਨ ‘ਚ ਸਾਈਕਲ ਚਲਾਉਂਦੇ ਸਮੇਂ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਉਹ ਬਹਾਦਰ ਅਤੇ ਹੁਸ਼ਿਆਰ ਸੀ।
ਕੋਚਰ ਨੂੰ 19 ਮਾਰਚ ਨੂੰ ਕੂੜੇ ਦੇ ਟਰੱਕ ਨੇ ਟੱਕਰ ਮਾਰ ਦਿਤੀ ਸੀ। ਹਾਦਸੇ ਦੇ ਸਮੇਂ ਉਸ ਦਾ ਪਤੀ ਪ੍ਰਸ਼ਾਂਤ ਉਸ ਤੋਂ ਅੱਗੇ ਸੀ ਅਤੇ ਉਹ ਉਸ ਨੂੰ ਬਚਾਉਣ ਲਈ ਭੱਜਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਜਨਰਲ ਐਸਪੀ ਕੋਚਰ (ਸੇਵਾਮੁਕਤ) ਉਨ੍ਹਾਂ ਦੀ ਦੇਹ ਲੈਣ ਲਈ ਲੰਡਨ ਵਿਚ ਹਨ। ਉਨ੍ਹਾਂ ਨੇ ਲਿੰਕਡਇਨ ‘ਤੇ ਅਪਣੀਆਂ ਯਾਦਾਂ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਹੈ।
ਚੇਇਸਤਾ ਕੋਚਰ, ਜੋ ਪਹਿਲਾਂ ਗੁਰੂਗ੍ਰਾਮ ਵਿਚ ਰਹਿੰਦੀ ਸੀ, ਪਿਛਲੇ ਸਾਲ ਸਤੰਬਰ ਵਿਚ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੀਐਚਡੀ ਕਰਨ ਲਈ ਲੰਡਨ ਗਈ ਸੀ। ਇਸ ਤੋਂ ਪਹਿਲਾਂ ਉਸ ਨੇ ਦਿੱਲੀ ਯੂਨੀਵਰਸਿਟੀ, ਅਸ਼ੋਕਾ ਯੂਨੀਵਰਸਿਟੀ ਅਤੇ ਪੈਨਸਿਲਵੇਨੀਆ ਯੂਨੀਵਰਸਿਟੀ ਅਤੇ ਸ਼ਿਕਾਗੋ ਤੋਂ ਵੀ ਪੜ੍ਹਾਈ ਕੀਤੀ ਸੀ। ਉਸ ਦੀ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹ 2021-23 ਦੌਰਾਨ ਨੀਤੀ ਆਯੋਗ ਵਿਚ ਭਾਰਤ ਦੀ ਰਾਸ਼ਟਰੀ ਵਿਵਹਾਰਕ ਸੂਝ-ਬੂਝ ਯੂਨਿਟ ਵਿਚ ਇਕ ਸੀਨੀਅਰ ਸਲਾਹਕਾਰ ਸੀ।