ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’

ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪੁਲਿਸ ਹੁਣ ਇਸ ਵਿਅਕਤੀ ਤੋਂ ਅਰਦਾਸ ਮਾਮਲੇ ਨਾਲ ਜੁੜੇ ਹੱਰ ਪੱਖ ਸਬੰਧੀ ਪੁੱਛ ਪੜਤਾਲ ਕਰੇਗੀ।

ਅਦਾਲਤ ’ਚ ਪੇਸ਼ ਕਰਨ ਲਈ ਲਿਆਂਦੇ ਗੁਰਮੇਲ ਸਿੰਘ ਨੇ ਬੜੀ ਬੇਬਾਕੀ ਨਾਲ ਕਿਸ ਕਿ ਉਸ ਨੂੰ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ ਬਲਕਿ ਆਪਣੀ ਭਾਵਨਾ ਨਾਲ ਅਰਦਾਸ ਕੀਤੀ ਹੈ। ਗੱਲਬਾਤ ਦੌਰਾਨ ਗੁਰਮੇਲ ਸਿੰਘ ਡੇਰਾ ਸਰਸਾ ਮੁਖੀ ਦੇ ਹੱਕ ’ਚ ਅਡੋਲ ਖੜ੍ਹਾ ਦਿਖਾਈ ਦਿੱਤਾ। ਉਸ ਨੇ ਡੇਰਾ ਸੱਚਾ ਸੌਦਾ ਦੇ ਆਪਣੇ ਪ੍ਰੀਵਾਰ ਤੇ ਕਾਫੀ ਅਹਿਸਾਨ ਹੋਣ ਦੀ ਗੱਲ ਵੀ ਉੱਭਰਵੇਂ ਰੂਪ ’ਚ ਆਖੀ ਹੈ। ਗੁਰਮੇਲ ਸਿੰਘ ਨੇ ਆਖਿਆ ਕਿ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ ਉਹ ਡੇਰਾ ਸੱਚਾ ਸੌਦਾ ਕਰ ਰਿਹਾ ਹੈ ਜਿਸ ’ਚ ਦਲਿਤ ਪ੍ਰੀਵਾਰਾਂ ਦੇ ਘਰ ਆਦਿ ਪਾਉਣੇ ਸ਼ਾਮਲ ਹੈ। ਪੁਲਿਸ ਦੀ ਗੱਡੀ ’ਚ ਬੈਠੇ ਗੁਰਮੇਲ ਸਿੰਘ ਨੇ ਪੁਲਿਸ ਤੇ ਕੁੱਟਮਾਰ ਕਰਕੇ ਕੜਾ ਅਤੇ ਕਿਰਪਾਨ ਲਾਹੁਣ ਦੇ ਦੋਸ਼ ਵੀ ਲਾਏ ਹਨ। ਆਪਣੇ ਤੇ ਦਰਜ ਪੁਲਿਸ ਕੇਸ ਸਬੰਧੀ ਗੁਰਮੇਲ ਸਿੰਘ ਨੇ ਕਿਹਾ ਕਿ ਭਾਵੇਂ ਉਸ ਖਿਲਾਫ 10 ਮੁਕੱਦਮੇ ਦਰਜ ਕਰਨ ਚਾਹੇ ਗੋਲੀ ਮਾਰ ਦੇਣ ।

ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਪਿੰਡ ਬੀੜ ਤਲਾਬ ’ਚ 20 ਮਈ ਨੂੰ  ਗਰੰਥੀ ਗੁਰਮੇਲ ਸਿੰਘ ਖਾਲਸਾ ਨੇ ਪਿੰਡ ਦੀਆਂ ਔਰਤਾਂ ਦੀ ਮੌਜੂਦਗੀ ’ਚ ਡਾ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਦੇ ਲਏ ਸੁਫਨੇ ਦੇ ਹੱਕ ’ਚ ਅਰਦਾਸ ਕੀਤੀ ਸੀ । ਉਸ ਨੇ ਮੀਡੀਆ ਸਾਹਮਣੇ ਖੁੱਲ ਕੇ ਕਿਹਾ ਇਹ ਅਰਦਾਸ ਕਿਸੇ ਦਬਾਅ ਹੇਠ ਨਹੀਂ ਕੀਤੀ ਬਲਕਿ ਓੁਹ ਖਾਲਸਾ ਹੈ ਜੋ ਕਿਸੇ ਤੋਂ ਡਰਦਾ ਨਹੀਂ। ਇਸ ਮਾਮਲੇ ’ਚ ਸਭ ਤੋਂ ਪਹਿਲਾਂ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਐਸ ਐਸ ਪੀ ਨੂੰ ਮੰਗ ਪੱਤਰ ਦੇ ਕੇ ਗੁਮੇਲ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮੁਕੱਦਮ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।