Politics : ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿਚ ਸ਼ਾਮਲ

ਡੈਸਕ- ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਜੱਸੀ ਖੰਗੂੜਾ ‘ਆਪ’ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਮੌਜੂਦਗੀ ‘ਚ ਇਕ ਵਾਰ ਫਿਰ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਜੱਸੀ ਖੰਗੂੜਾ ਕਿਲਾ ਰਾਏਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ। ਬੀਤੇ ਦਿਨੀਂ ਹੀ ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦਿਤਾ ਸੀ ਅਤੇ ਅੱਜ ਉਨ੍ਹਾਂ ਨੇ ਕਾਂਗਰਸ ਵਿਚ ਵਾਪਸੀ ਕਰ ਲਈ ਹੈ।

ਪੰਜਾਬ ਕਾਂਗਰਸ ਦੇ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਪੂਰੀ ਉਮੀਦ ਹੈ ਕਿ ਕਾਂਗਰਸ ਦਾ ਪਰਿਵਾਰ ਵਧਦਾ ਨਜ਼ਰ ਆ ਰਿਹਾ ਹੈ ਅਤੇ ਜੱਸੀ ਖੰਗੂੜਾ ਪਰਿਵਾਰ ਦੀ ਮੌਜੂਦਗੀ ਲੋਕ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਏਗੀ। ਕਾਂਗਰਸ ਵਿਚ ਵਾਪਸੀ ਮਗਰੋਂ ਜੱਸੀ ਖੰਗੂੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦਾ ਤਜਰਬਾ ਸਹੀ ਨਹੀਂ ਰਿਹਾ, ਇਸ ਲਈ ਉਨ੍ਹਾਂ ਨੇ ਘਰ ਵਾਪਸੀ ਦਾ ਮਨ ਬਣਾਇਆ।

ਖੰਗੂੜਾ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸੀ ਹਵਾ ਬਦਲ ਰਹੀ ਹੈ, ਜਿਸ ਵਿਚ ਕਾਂਗਰਸ ਦੀ ਧਮਾਕੇਦਾਰ ਵਾਪਸੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਵਿਚ ਕਾਂਗਰਸ ਸੱਭ ਤੋਂ ਜ਼ਿਆਦਾ ਸੀਟਾਂ ਉਤੇ ਜਿੱਤ ਹਾਸਲ ਕਰੇਗੀ। ਜੱਸੀ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਦਾ ਕੋਈ ਲਾਲਚ ਨਹੀਂ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਸਬੀਰ ਸਿੰਘ ‘ਜੱਸੀ’ ਖੰਗੂੜਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ’ਚ ਜੱਸੀ ਖੰਗੂੜਾ ਨੇ ’ਆਪ’ ਦਾ ਪੱਲਾ ਫੜਿਆ ਸੀ।

ਜਸਬੀਰ ਸਿੰਘ ‘ਜੱਸੀ’ ਖੰਗੂੜਾ ਯੂ. ਕੇ. ਤੋਂ ਅਪਣੀ ਬ੍ਰਿਟਿਸ਼ ਨਾਗਰਿਕਤਾ ਤਿਆਗ ਕੇ ਵਤਨ ਪਰਤ ਆਏ ਸਨ ਅਤੇ ਪੰਜਾਬ ਦੀ ਰਾਜਨੀਤੀ ’ਚ ਸਰਗਰਮ ਹੋ ਗਏ ਸਨ। ਉਨ੍ਹਾਂ ਨੇ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੀ ਕਿਲ੍ਹਾ ਰਾਏਪੁਰ ਸੀਟ 10,876 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਤੋਂ ਪਹਿਲਾਂ ਕਿਲ੍ਹਾ ਰਾਏਪੁਰ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪ੍ਰਵਾਰ ਦਾ ਦਬਦਬਾ ਰਹਿੰਦਾ ਸੀ। ਪੰਜਾਬ ਦੀ ਇਹ ਇਕੋ-ਇਕ ਸੀਟ ਸੀ, ਜਿਸ ’ਤੇ ਕਾਂਗਰਸ ਕਦੇ ਨਹੀਂ ਜਿੱਤੀ ਸੀ। ਇਸ ਤੋਂ ਬਾਅਦ 2012 ’ਚ ਜੱਸੀ ਨੇ ਦਾਖਾ ਤੋਂ ਚੋਣ ਲੜੀ ਕਿਉਂਕਿ ਕਿਲ੍ਹਾ ਰਾਏਪੁਰ ਸੀਟ ਨੂੰ ਖ਼ਤਮ ਕਰ ਦਿਤਾ ਗਿਆ ਸੀ। ਜੱਸੀ ਇਥੋਂ ਹਾਰ ਗਏ ਸਨ ਪਰ ਉਨ੍ਹਾਂ ਨੇ ਇਥੋਂ ਰਿਕਾਰਡ 55,820 ਵੋਟਾਂ ਹਾਸਲ ਕੀਤੀਆਂ, ਜਿਥੋਂ ਤਕ ਅਗਲੀਆਂ ਦੋ ਚੋਣਾਂ ’ਚ ਕਾਂਗਰਸ ਦਾ ਕੋਈ ਵੀ ਉਮੀਦਵਾਰ ਨਹੀਂ ਪਹੁੰਚ ਸਕਿਆ। ਜਸਬੀਰ ਸਿੰਘ ‘ਜੱਸੀ’ ਖੰਗੂੜਾ ਨੇ ਔਕਸਫੋਰਡ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀ ਪਤਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੀ ਹਨ।