ਪੀ.ਐੱਮ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਖਤਮ ਹੋਇਆ ਸ਼ੰਭੂ ਦਾ ਰੇਲ ਟ੍ਰੈਕ ਧਰਨਾ

ਡੈਸਕ- ਟਰੇਨ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ ਦੀ ਖਬਰ ਹੈ। ਪੰਜਾਬ ਵਿੱਚ ਕਿਸਾਨਾਂ ਨੇ ਰੇਲ ਪਟੜੀਆਂ ਤੋਂ ਹਟ ਜਾਣ ਦਾ ਫੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਐਲਾਨ ਕੀਤਾ ਕਿ ਸ਼ੰਭੂ ਰੇਲਵੇ ਸਟੇਸ਼ਨ ‘ਤੇ ਪਟੜੀਆਂ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਜਿਸ ਕਾਰਨ ਰੇਲਗੱਡੀਆਂ ਦੀ ਆਵਾਜਾਈ ਇੱਕ ਵਾਰ ਫਿਰ ਤੋਂ ਪਟੜੀਆਂ ‘ਤੇ ਸ਼ੁਰੂ ਹੋ ਜਾਵੇਗੀ। ਪਿਛਲੇ ਇੱਕ ਮਹੀਨੇ ਤੋਂ ਰੇਲਵੇ ਟਰੈਕ ‘ਤੇ ਧਰਨਾ ਦੇ ਰਹੇ ਕਿਸਾਨ ਹੁਣ ਉੱਥੋਂ ਜਾਣ ਲਈ ਤਿਆਰ ਹਨ।

ਕਿਸਾਨ ਹੁਣ ਟਰੈਕ ਖਾਲੀ ਕਰ ਰਹੇ ਹਨ। ਕਿਸਾਨਾਂ ਵੱਲੋਂ ਰੇਲ ਪਟੜੀਆਂ ਜਾਮ ਕਰਨ ਕਾਰਨ ਦਿੱਲੀ-ਜੰਮੂ ਰੇਲ ਮਾਰਗ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਟਰੇਨਾਂ ਰੱਦ ਹੋ ਚੁੱਕੀਆਂ ਹਨ ਅਤੇ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।

ਕਰੀਬ 34 ਦਿਨਾਂ ਤੋਂ ਦਿੱਲੀ-ਅੰਮ੍ਰਿਤਸਰ ਰੇਲਵੇ ਮਾਰਗ ‘ਤੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਹੜਤਾਲ ‘ਤੇ ਬੈਠੇ ਕਿਸਾਨ ਆਗੂਆਂ ਨੇ ਸੋਮਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਰੇਲ ਪਟੜੀ ਤੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਇੱਕ ਵਾਰ ਫਿਰ ਰੇਲ ਗੱਡੀਆਂ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦੇ ਇਸ ਫੈਸਲੇ ਕਾਰਨ ਕੜਕਦੀ ਗਰਮੀ ਵਿੱਚ ਘੰਟਿਆਂਬੱਧੀ ਰੇਲਗੱਡੀ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 22 ਮਈ ਦਿਨ ਬੁੱਧਵਾਰ ਨੂੰ ਮੋਰਚੇ ਦੇ 100 ਦਿਨ ਪੂਰੇ ਹੋਣ ‘ਤੇ ਵੱਡੀ ਗਿਣਤੀ ‘ਚ ਕਿਸਾਨ ਸ਼ੰਭੂ ਅਤੇ ਖਨੌਰੀ, ਡੱਬਵਾਲੀ, ਰਤਨਪੁਰਾ ਬਾਰਡਰ ‘ਤੇ ਇਕੱਠੇ ਹੋਣਗੇ ਅਤੇ ਮੋਰਚੇ ਦਾ ਵਿਸਥਾਰ ਕੀਤਾ ਜਾਵੇਗਾ | ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਿਸ਼ਾਲ ਕਿਸਾਨ ਕਾਨਫਰੰਸ ਵਿੱਚ ਦੇਸ਼ ਭਰ ਦੇ ਕਿਸਾਨ ਭਾਗ ਲੈਣਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 23 ਮਈ ਨੂੰ ਪੰਜਾਬ ਆ ਰਹੇ ਹਨ, ਜਿੱਥੇ ਉਹ ਪਟਿਆਲਾ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਨਗੇ। ਕਿਸਾਨਾਂ ਨੇ ਕਿਹਾ ਕਿ ਇਸ ਦੌਰਾਨ ਕਿਸਾਨ ਪ੍ਰਧਾਨ ਮੰਤਰੀ ਨੂੰ ਸਵਾਲ ਵੀ ਕਰਨਗੇ ਕਿ ਉਨ੍ਹਾਂ ਨੇ ਪਿਛਲੇ ਅੰਦੋਲਨ ‘ਚ ਕਿਸਾਨਾਂ ਨਾਲ ਧੋਖਾ ਅਤੇ ਝੂਠ ਕਿਉਂ ਬੋਲਿਆ।