ਡੈਸਕ- 2024 ਲੋਕ ਸਭਾ ਚੋਣਾਂ ਦੇ 6ਵੇਂ ਫੇਜ਼ ਵਿਚ 7 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 58 ਸੀਟਾਂ ‘ਤੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਵੋਟਿੰਗ ਤੋਂ ਪਹਿਲਾਂ ਨੇਤਾ ਆਤਿਸ਼ੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ LG ਨੇ ਪੁਲਿਸ ਨੂੰ ਵੋਟਿੰਗ ਹੌਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਲੋਕਾਂ ਨੂੰ ਵੋਟ ਪਾਉਣ ਵਿਚ ਦਿੱਕਤ ਨਾ ਹੋਵੇ। ਦੂਜੇ ਪਾਸੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਵਿਚ ਵੋਟ ਪਾਈ। ਇਸ ਤੋਂ ਇਲਾਵਾ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ ਵੀ ਵੋਟ ਪਾ ਚੁੱਕੇ ਹਨ।
ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਜਿੰਨੇ ਵੀ ਵੋਟਰ ਸ਼ਾਮ 6 ਵਜੇ ਤੱਕ ਲਾਈਨ ਵਿਚ ਲੱਗੇ ਹੋਣਗੇ, ਸਾਰਿਆਂ ਨੂੰ ਵੋਟਿੰਗ ਦਾ ਮੌਕਾ ਮਿਲੇਗਾ। ਸੂਬੇ ਵਿਚ 2 ਕਰੋੜ 76 ਹਜ਼ਾਰ 768 ਵੋਟਰ ਹਨ। ਦੂਜੇ ਪਾਸੇ 10 ਸੀਟਾਂ ‘ਤੇ 223 ਉਮੀਦਵਾਰ ਹਨ ਜਿਨ੍ਹਾਂ ਵਿਚ ਇਕ ਸਾਬਕਾ ਸੀਐੱਮ ਤੇ 2 ਕੇਂਦਰੀ ਮੰਤਰੀਆਂ ਦੀ ਕਿਸਮਤ ਵੀ EVM ਵਿਚ ਬੰਦ ਹੋਵੇਗੀ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਸੂਬੇ ਵਿਚ ਕੁੱਲ 20,031 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ 19812 ਸਥਾਈ ਤੇ 219 ਅਸਥਾਈ ਮਤਦਾਨ ਕੇਂਦਰ ਸ਼ਾਮਲ ਹਨ।
ਸ਼ਹਿਰੀ ਖੇਤਰਾਂ ਵਿਚ 5470 ਤੇ ਪੇਂਡੂ ਖੇਤਰਾਂ ਵਿਚ 14342 ਵੋਟਿੰਗ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 176 ਆਦਰਸ਼ ਮਤਦਾਨ ਕੇਂਦਰ ਸਥਾਪਤ ਕੀਤੇ ਗਏ ਹਨ। 99 ਵੋਟਿੰਗ ਕੇਂਦਰ ਅਜਿਹੇ ਹਨ ਜੋ ਪੂਰੀ ਤਰ੍ਹਾਂ ਤੋਂ ਮਹਿਲਾ ਮੁਲਾਜ਼ਮਾਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰਿਆਣਾ ਵਿਚ 96 ਮਤਦਾਨ ਕੇਂਦਰ ਯੂਥ ਕਰਮਚਾਰੀ ਤੇ 71 ਮਤਦਾਨ ਕੇਂਦਰ ਦਿਵਿਆਂਗ ਕਰਮਚਾਰੀ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ।
ਈਸਟ ਦਿੱਲੀ ਤੋਂ ਸਾਂਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੱਡੀ ਗਿਣਤੀ ਵਿਚ ਵੋਟਿੰਗ ਕਰਨਾ ਮਹੱਤਵਪੂਰਨ ਹੈ। ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ‘ਤੇ ਤੀਜੇ ਫੇਜ਼ ਵਿਚ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਇਥੇ 6ਵੇਂ ਫੇਜ਼ ਵਿਚ ਵੋਟਿੰਗ ਹੋ ਰਹੀ ਹੈ।
ਇਸ ਫੇਜ਼ ਵਿਚ 3 ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਕ੍ਰਿਸ਼ਨ ਪਾਲ ਸਿੰਘ ਗੁਰਜਰ ਤੇ ਰਾਵ ਇੰਦਰਜੀਤ ਸਿੰਘ ਮੈਦਾਨ ਵਿਚ ਹਨ। 3 ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਮਨੋਹਰ ਲਾਲ ਖੱਟਰ ਤੇ ਜਗਦੰਬਿਕਾ ਪਾਲ ਵੀ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਮਨੋਜਤਿਵਾੜੀ, ਮੇਨਕਾ ਗਾਂਧੀ, ਨਵੀਨ ਜਿੰਦਲ, ਬਾਂਸੁਰੀ ਸਵਰਾਜ, ਸੰਬਿਤ ਪਾਤਰਾ, ਰਾਜ ਬੱਬਰ, ਨਿਰਹੂਆ ਆਪਣੀ ਕਿਸਮਤ ਅਜਮਾ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਚੋਣਾਂ ਦੇ 6ਵੇਂ ਫੇਜ਼ ਵਿਚ 889 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਚ 797 ਪੁਰਸ਼ ਤੇ 92 ਮਹਿਲਾ ਉਮੀਦਵਾਰ ਹਨ।