ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਚੁਣੇ ਗਏ ਸਾਂਸਦ, ਖਡੂਰ ਸਾਹਿਬ ਤੋਂ ਮਿਲੀ ਵੱਡੀ ਜਿੱਤ

ਡੈਸਕ- ਖਡੁਰ ਸਾਹਿਬ ਦੀ ਪੰਥਕ ਸੀਟ ਤੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਿਲ ਕਰ ਲਈ ਹੈ। ਅੰਮ੍ਰਿਤਪਾਲ ਸਿੰਘ ਨੇ 1 ਲੱਖ 29 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਵਿਰੋਧੀ ਉਮੀਦਵਾਰ ਨੂੰ ਹਰਾਇਆ ਹੈ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮਰਥਨ ਦਿੱਤਾ ਗਿਆ ਸੀ। ਜਿਸ ਦਾ ਫਾਇਦਾ ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੈ।

ਮਹਰੂਮ ਅਦਾਕਾਰ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਪੰਜਾਬ ਦੇ ਮੁੱਦੇ ਨੂੰ ਕੌਮੀ ਪੱਧਰ ਤੇ ਉਠਾਉਣ ਦੇ ਮਕਸਦ ਨਾਲ ਇੱਕ ਜੱਥੇਬੰਦੀ ਬਣਾਈ ਗਈ। ਜਿਸ ਦਾ ਨਾਮ ਵਾਰਿਸ ਪੰਜਾਬ ਦੇ ਰੱਖਿਆ ਗਿਆ। ਸਤੰਬਰ 2022 ਵਿੱਚ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਸ ਜੱਥੇਬੰਦੀ ਦੀ ਜਿੰਮੇਵਾਰੀ ਖਾਲਿਸਤਾਨੀ ਹਿਮਾਇਤੀ ਅੰਮ੍ਰਿਤਪਾਲ ਸਿੰਘ ਨੂੰ ਮਿਲਦੀ ਹੈ।

ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਅੰਮ੍ਰਿਤਪਾਲ ਸਿੰਘ ਵੀ ਰੁਜ਼ਗਾਰ ਦੀ ਭਾਲ ਵਿੱਚ ਅਰਬ ਦੇਸ਼ਾਂ ਵੱਲ ਚੱਲ ਗਏ। ਇਸ ਦੌਰਾਨ ਉਹ ਜ਼ਿਆਦਾ ਲੋਕਾਂ ਵਿੱਚ ਘੁਲਿਆ ਮਿਲਿਆ ਨਹੀਂ ਸੀ ਕਰਦੇ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਕੁੱਝ ਅਜਿਹੇ ਲੋਕਾਂ ਨਾਲ ਹੋਈ ਜਿਨ੍ਹਾਂ ਨੇ ਉਹਨਾਂ ਨੂੰ ਗੁਰਬਾਣੀ ਪੜ੍ਹਣ ਲਈ ਪ੍ਰੇਰਿਆ। ਵਿਦੇਸ਼ ਤੋਂ ਵਾਪਿਸ ਆਉਣ ਤੋਂ ਬਾਅਦ ਉਹਨਾਂ ਨੇ ਸਿੱਖੀ ਸਰੂਪ ਧਾਰਨ ਕੀਤਾ ਅਤੇ ਅੰਮ੍ਰਿਤ ਛਕ ਕੇ ਸਿੰਘ ਬਣ ਗਏ। ਇਸ ਤੋਂ ਬਾਅਦ ਉਹ ਪੰਜਾਬ ਦੇ ਵੱਖ ਵੱਖ ਹਿੱਸਿਆ ਵਿੱਚ ਘੁੰਮਣ ਲੱਗੇ। ਉਹਨਾਂ ਨੇ ਨਸ਼ੇ ਦੀ ਬੁਰੀ ਲੱਤ ਖਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕੀਤਾ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ ਤੇ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਜਿੱਤ ਕੇ ਪਾਰਲੀਮੈਂਟ ਪਹੁੰਚੇ ਸਨ। ਪਰ ਇਸ ਵਾਰ ਖਡੂਰ ਸਾਹਿਬ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਬਦਲਿਆ ਸੀ ਡਿੰਪਾ ਦੀ ਥਾਂ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਲਿਆਂਦਾ ਸੀ। ਪਰ ਜ਼ੀਰਾ ਕਾਂਗਰਸ ਦੀ ਸੀਟ ਬਚਾਉਣ ਵਿੱਚ ਨਾਕਾਮ ਰਹੇ।