ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀ ਹਨ੍ਹੇਰੀ ਝੱਖੜ, ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ

ਡੈਸਕ- ਪੰਜਾਬ ਵਿਚ ਦਿਨ ਦੇ ਸਮੇਂ ਤਾਂ ਗਰਮੀ ਦਾ ਪ੍ਰਕੋਪ ਸੀ ਪਰ ਸ਼ਾਮ ਹੁੰਦੇ ਹੀ ਅਚਾਨਕ ਤੋਂ ਆਸਮਾਨ ‘ਤੇ ਬੱਦਲ ਛਾ ਗਏ ਤੇ ਥੋੜ੍ਹੀ ਦੇਰ ਬਾਅਦ ਧੂੜ ਭਰੀਆਂ ਹਵਾਵਾਂ ਚੱਲਣ ਲੱਗੀਆਂ। ਹਵਾਵਾਂ ਚੱਲਣ ਨਾਲ ਪਾਰਾ ਹੇਠਾਂ ਲੁੜਕ ਗਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਕਦੇ ਪਾਰਾ 41 ਡਿਗਰੀ ਤੇ ਕਦੇ 43 ਡਿਗਰੀ ਦੇ ਆਸ-ਪਾਸ ਰਹਿਣ ਕਾਰਨ ਲੋਕ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ। ਹਰ ਕਿਸੇ ਦੀ ਨਜ਼ਰ ਆਸਮਾਨ ‘ਤੇ ਟਿਕੀ ਹੋਈ ਸੀ ਕਿ ਕਦੋਂ ਮੀਂਹ ਪਵੇਗਾ ਤੇ ਉਨ੍ਹਾਂ ਨੂੰ ਰਾਹਤ ਮਿਲੇਗੀ। ਧੂੜ ਭਰੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਤੇਜ਼ ਹਵਾਵਾਂ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ ਤੱਕ ਆਸਮਾਨ ‘ਤੇ ਬੱਦਲ ਛਾਏ ਰਹਿਣ ਦੇ ਆਸਾਰ ਹਨ।

ਮੌਸਮ ਵਿਭਾਗ ਨੇ ਅੱਜ 19 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉਪਰੋਕਤ ਚਾਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।