ਡੈਸਕ- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਸੰਗੀਤਕ ਮਹਿਫ਼ਲਾਂ ਦਾ ਜਾਦੂ ਸਰੋਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ। ਜਸਟਿਨ ਟਰੂਡੋ ਨੇ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਡਾਊਨਟਾਊਨ ਟੋਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ ਵਿੱਚ ਐਤਵਾਰ ਨੂੰ ਪੰਜਾਬੀ ਗਾਇਕ ਨਾਲ ਮੁਲਾਕਾਤ ਕੀਤੀ। ਕੈਨੇਡੀਅਨ ਪੀਐਮ ਨੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ ਹੈ।
ਦਿਲਜੀਤ ਦੋਸਾਂਝ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੀ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਖਬਰਾਂ ਮੁਤਾਬਕ ਦੋਸਾਂਝ ਦੇ ਸ਼ੋਅ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਦੀ ਮੁਲਾਕਾਤ ਹੋਈ ਸੀ। ਇਸ ਦੌਰਾਨ ਜਸਟਿਨ ਟਰੂਡੋ ਨੇ ਦਿਲਜੀਤ ਦੋਸਾਂਝ ਨਾਲ ਤਸਵੀਰ ਲਈ ਪੋਜ਼ ਵੀ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਨੋਟ ਨਾਲ ਸ਼ੇਅਰ ਕੀਤਾ ਹੈ।
ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਪਹੁੰਚੇ।’ ਤਸਵੀਰ ‘ਚ ਦੋਵੇਂ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਟਰੂਡੋ ਨੇ ਅੱਗੇ ਲਿਖਿਆ, ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਸੋਲਡ ਆਊਟ ਕਰ ਸਕਦਾ ਹੈ। ਵਿਭਿੰਨਤਾ ਸਿਰਫ਼ ਸਾਡੀ ਤਾਕਤ ਨਹੀਂ ਹੈ। ਇਹ ਸਾਡੀ ਸੁਪਰ ਪਾਵਰ ਹੈ।