ਡੈਸਕ- ਦੁਬਈ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਬਟਾਲਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਰੂਪੋਵਾਲੀ ਦੇ 22 ਸਾਲਾ ਨੌਜਵਾਨ ਦੀ ਕ੍ਰੇਨ ਦਾ ਬੂਮ ਟੁੱਟਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਪੁੱਤ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਾਰਜ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਰੂਪੋਵਾਲੀ ਰੋਜੀ ਰੋਟੀ ਕਮਾਉਣ ਲਈ ਕਰੀਬ ਪੌਣੇ ਦੋ ਸਾਲ ਪਹਿਲਾਂ ਦੁਬਈ ਦੀ ਟੈਗ ਕੰਪਨੀ ਵਿੱਚ ਹੈਲਪਰ ਵੀਜ਼ਾ ਤੇ ਗਿਆ ਸੀ। ਬੀਤੇ ਕੱਲ ਉਹਨਾਂ ਨੂੰ ਦੁਬਈ ਵਿੱਚੋਂ ਜਾਰਜ ਦੇ ਨਾਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਾਰਜ ਮਸੀਹ ਕ੍ਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜਖਮੀ ਹੋਇਆ ਹੈ। ਉਸ ਨੇ ਦੱਸਿਆ ਕਿ ਜਾਰਜ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਵੱਲੋਂ ਹਸਪਤਾਲ ਲਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਵਤਨ ਲਿਆਉਣ ਵਿੱਚ ਮਦਦ ਕੀਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਾਰਜ ਮਸੀਹ ਦੀਆਂ ਦੋ ਭੈਣਾਂ,ਦੋ ਭਰਾ ਅਤੇ ਬਜ਼ੁਰਗ ਮਾਤਾ ਪਿਤਾ ਦਾ ਗੁਜਾਰਾ ਉਸ ਦੇ ਸਿਰ ਤੇ ਚਲਦਾ ਸੀ ਪਰ ਉਸ ਤੇ ਭਾਰ ਜਵਾਨੀ ਵਿੱਚ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ।