ਪੰਜਾਬੀ ਕੁੜੀ ਰਿਭਿਆ ਸਿਆਨ ਦੀ ਆਸਟਰੇਲੀਆ ਕ੍ਰਿਕਟ ਟੀਮ ਲਈ ਚੋਣ

ਡੈਸਕ- ਕ੍ਰਿਕਟ ਆਸਟਰੇਲੀਆ ਨੇ ਹਾਲ ਹੀ ਵਿਚ ਵਰਲਡ ਕੱਪ ਅਭਿਆਸ ਅਧੀਨ ਤਿਕੋਣੀ ਸੀਰੀਜ਼ ਲਈ ਅੰਡਰ-19 ਟੀਮ ਦੀ ਸੂਚੀ ਜਾਰੀ ਕੀਤੀ ਹੈ। ਮਾਣ ਵਾਲੀ ਗੱਲ ਹੈ ਕਿ ਵਿਕਟੋਰੀਆ ਤੋਂ 3 ਖਿਡਾਰਨਾਂ ਚੁਣੀਆਂ ਗਈਆਂ ਹਨ ਅਤੇ ਤਿੰਨੇ ਹੀ ਭਾਰਤੀ ਮੂਲ ਦੀਆਂ ਹਨ ਅਤੇ ਤਿੰਨਾਂ ਵਿਚੋਂ ਦੋ ਖਿਡਾਰਨਾਂ ਪੰਜਾਬੀ ਮੂਲ ਦੀਆਂ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਦੀ ਧੀ ਹਸਰਤ ਕੌਰ ਗਿੱਲ ਵੀ ਸ਼ਾਮਲ ਹੈ, ਰਿਭਿਆ ਦਾ ਨਾਮ ਵੀ ਉਸ ਵਿਚ ਸ਼ਾਮਲ ਹੈ।

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਰਹਿੰਦਿਆਂ ਛੋਟੀ ਉਮਰੇ ਗਲੀਆਂ ਵਿਚ ਕ੍ਰਿਕਟ ਖੇਡਣ ਵਾਲੀ ਰਿਭਿਆ ਸਾਲ 2018 ਵਿਚ ਪੱਕੇ ਪੈਰੀਂ ਆਸਟਰੇਲੀਆ ਆਈ ਸੀ। ਇਥੇ ਆ ਕੇ ਉਸ ਨੇ ਕ੍ਰਿਕਟ ਦਾ ਸਫਰ ਪਲੈਂਟੀ ਵੈਲੀ ਤੋਂ ਸ਼ੁਰੂ ਕੀਤਾ। ਅੰਡਰ-14 ਕੈਟਾਗਰੀ ਤਹਿਤ ਐਪਿੰਗ ਕ੍ਰਿਕਟ ਕਲੱਬ, ਨੌਰਥ ਜੀਲੋਂਗ, ਜੈਲੀ ਬਰੈਂਡ, ਯੂਥ ਪ੍ਰੀਮੀਅਰ ਲੀਗ ਸਮੇਤ ਹੋਰਨਾਂ ਮੈਦਾਨਾਂ ਤੋਂ ਹੁੰਦੇ ਹੋਏ ਰਿਭਿਆ ਵਿਕਟੋਰੀਆ ਸਟੇਟ ਟੀਮ ਤਕ ਪਹੁੰਚ ਗਈ।

ਮੌਜੂਦਾ ਸਮੇਂ ਪਰਾਹਨ ਕ੍ਰਿਕਟ ਕਲੱਬ ਵਲੋਂ ਖੇਡ ਰਹੀ ਰਿਭਿਆ ਸਿਆਨ 2018-2019 ਤੋਂ ਲੈ ਕੇ ਹੁਣ ਤਕ ਦੇ ਖੇਡ ਸਫ਼ਰ ਵਿਚ ਕੁੱਲ 206 ਮੈਚ ਖੇਡ ਚੁਕੀ ਹੈ ਅਤੇ ਉਸ ਨੇ ਇਨ੍ਹਾਂ ਮੈਚਾਂ ਵਿਚ 170 ਵਿਕਟਾਂ ਹਾਸਲ ਕੀਤੀਆਂ ਹਨ। ਖੇਡ ਦੇ ਨਾਲ-ਨਾਲ ਰਿਭਿਆ ਵਿਦਿਅਕ ਯੋਗਤਾ ਦੇ ਪੱਖ ਤੋਂ ਵੀ ਪੁਲਾਘਾਂ ਪੁੱਟ ਰਹੀ ਹੈ ਅਤੇ ਇਸ ਵੇਲੇ ਉਹ ਆਰਐਮਆਈਟੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ। ਰਿਭਿਆ ਸਿਆਨ ਦੇ ਪਿਤਾ ਜਤਿੰਦਰ ਨੇ ਦਸਿਆ ਕਿ ਉਨ੍ਹਾਂ ਦਾ ਪਰਵਾਰਕ ਪਿਛੋਕੜ ਖੇਡਾਂ ਵਾਲਾ ਰਿਹਾ ਹੈ।