ਡੈਸਕ- ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਉਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਸਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਮੁਲਜ਼ਮ ਨਾਜਾਇਜ਼ ਦਵਾਈਆਂ ਅਤੇ ਮੈਡੀਕਲ ਸਟੋਰਾਂ ਨਾਲ ਸਬੰਧਤ ਨਸ਼ਾ ਤਸਕਰੀ ਵਿੱਚ ਮਦਦ ਕਰ ਰਿਹਾ ਸੀ। ਦੋਸ਼ੀ ਜੇਲ ‘ਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ‘ਚ ਸੀ ਅਤੇ ਬਾਹਰੋਂ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ।
ਇਸ ਮਾਮਲੇ ਦੀ ਜਾਂਚ ‘ਚ ਏਐਨਟੀਐਫ ਨੇ ਦੋਸ਼ੀਆਂ ਦੇ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ। ਜਿਸ ਵਿੱਚ 7.09 ਕਰੋੜ ਰੁਪਏ ਪਾਏ ਗਏ ਹਨ। ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੋ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ ਹਨ। ANTF ਨੇ 1.49 ਕਰੋੜ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ।
ਏਐਨਟੀਐਫ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਗ਼ੈਰਕਾਨੂੰਨੀ ਢੰਗ ਨਾਲ ਕਾਫ਼ੀ ਦੌਲਤ ਇਕੱਠੀ ਕੀਤੀ ਹੈ। ਉਸ ਨੇ ਜ਼ੀਰਕਪੁਰ ਅਤੇ ਡੱਬਵਾਲੀ ਵਿੱਚ 2.40 ਕਰੋੜ ਰੁਪਏ ਦੀ ਅਚੱਲ ਜਾਇਦਾਦ ਬਣਾਈ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਟੀਮਾਂ ਹੁਣ ਉਸ ਦੇ ਹੋਰ ਸਾਥੀਆਂ ਦੀ ਸ਼ਨਾਖ਼ਤ ਕਰਨ ‘ਚ ਜੁਟੀਆਂ ਹੋਈਆਂ ਹਨ।