ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਆਸਟਰੀਆ ਤੋਂ ਕੀਤਾ ਡਿਪੋਰਟ

ਡੈਸਕ- ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇੱਕ ਗੈਂਗਸਟਰ ਅੰਮ੍ਰਿਤਪਾਲ ਸਿੰਘ ਨੂੰ ਆਸਟਰੀਆ ਤੋਂ ਡਿਪੋਰਟ ਕਰ ਦਿੱਤਾ ਹੈ। ਅੰਮ੍ਰਿਤਪਾਲ ਮੂਲ ਰੂਪ ਵਿੱਚ ਪਿੰਡ ਭੋਮਾ ਥਾਣਾ ਘੁੰਮਣ ਦਾ ਵਸਨੀਕ ਹੈ। ਲੰਬੇ ਸਮੇਂ ਤੋਂ ਆਸਟਰੀਆ ਵਿੱਚ ਰਹਿ ਰਿਹਾ ਸੀ। ਪੰਜਾਬ ਪੁਲਿਸ ਨੇ ਉਸਨੂੰ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਬਟਾਲਾ ਪੁਲਿਸ ਉਸ ਨੂੰ ਪੰਜਾਬ ਲਿਆ ਰਹੀ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਕਤਲ, ਕਤਲ ਦੀ ਕੋਸ਼ਿਸ਼, ਨਸ਼ਾ ਤਸਕਰੀ ਅਤੇ ਅਸਲਾ ਐਕਟ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ।

ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਕਈ ਕੇਸਾਂ ਵਿੱਚ ਲੋੜੀਂਦਾ ਸੀ। ਉਹ 2022 ਵਿੱਚ ਦੁਬਈ ਅਤੇ ਸਰਬੀਆ ਦੇ ਰਸਤੇ ਆਸਟਰੀਆ ਭੱਜ ਗਿਆ ਸੀ ਅਤੇ ਉਦੋਂ ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਅੰਤਰਰਾਸ਼ਟਰੀ ਅਧਿਕਾਰੀਆਂ ਦੇ ਸਹਿਯੋਗ ਤੋਂ ਬਾਅਦ ਪੁਲਿਸ ਨੇ ਉਸ ਨੂੰ ਦੇਸ਼ ਵਾਪਸ ਲਿਆਉਣ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰੇਗੀ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਬਹੁਤ ਹੀ ਸ਼ਰਾਰਤੀ ਸੀ। ਉਸ ਨੇ ਉੱਥੇ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਇਸ ਲਈ ਅਰਜ਼ੀ ਵੀ ਦਿੱਤੀ ਸੀ। ਪਰ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਪੁਲਿਸ ਨੇ ਉਥੋਂ ਦੇ ਅਧਿਕਾਰੀਆਂ ਸਾਹਮਣੇ ਜ਼ੋਰਦਾਰ ਢੰਗ ਨਾਲ ਆਪਣਾ ਮਾਮਲਾ ਪੇਸ਼ ਕੀਤਾ। ਜਿਸ ਕਾਰਨ ਉਹ ਇਸ ਗੱਲ ਵਿੱਚ ਕਾਮਯਾਬ ਨਹੀਂ ਹੋ ਸਕਿਆ।