ਡੈਸਕ- ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਤਿੰਨ ਪੜਾਵਾਂ ‘ਚ ਹੋਣ ਜਾ ਰਹੀਆਂ ਵੋਟਾਂ ਦਾ ਪਹਿਲਾ ਪੜਾਅ ਬੇਸ਼ੱਕ ਖ਼ਤਮ ਹੋ ਚੁੱਕਾ ਹੈ ਪਰ ਦੂਸਰੇ ਤੇ ਤੀਸਰੇ ਪੜਾਅ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਰਾਜ ਦੀਆਂ 90 ਵਿਧਾਨ ਸਭਾ ਸੀਟਾਂ ਲਈ ਇਕ ਦਹਾਕੇ ਬਾਅਦ ਹੋਣ ਜਾ ਰਹੀਆਂ ਚੋਣਾਂ ‘ਚ ਕਾਂਗਰਸ ਵਲੋਂ ਨੈਸ਼ਨਲ ਕਾਨਫ਼ਰੰਸ ਨਾਲ ਗੱਠਜੋੜ ਕਰਕੇ ਇਹ ਚੋਣਾਂ ਲੜੀਆਂ ਜਾ ਰਹੀਆਂ ਹਨ, ਜਦਕਿ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀ.ਡੀ.ਪੀ, ਭਾਜਪਾ ਤੋਂ ਵੱਖ ਹੋ ਕੇ ਆਪਣੇ ਬਲਬੂਤੇ ’ਤੇ ਚੋਣ ਮੈਦਾਨ ’ਚ ਉਤਰੀ ਹੈ।
ਇਸੇ ਤਰ੍ਹਾਂ ਇੰਜੀਨੀਅਰ ਰਾਸ਼ਿਦ ਦੀ ਅਵਾਮੀ ਇਤਿਹਾਦ ਪਾਰਟੀ ਤੋਂ ਇਲਾਵਾ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ (ਏ. ਪੀ. ਐਸ. ਸੀ.ਸੀ.) ਵਲੋਂ ਵੀ ਆਪੋ– ਆਪਣੇ ਉਮੀਦਵਾਰ ਚੋਣ ਮੈਦਾਨ `ਚ ਉਤਾਰੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ‘ਚ 20 ਸਿੱਖ ਚਿਹਰੇ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਉਮੀਦਵਾਰਾਂ ‘ਚੋਂ ਬਹੁਤੇ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ, ਜਦਕਿ ਬਾਕੀ ਦੇ ਸਿੱਖ ਚਿਹਰੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।